ਕੋਵਿਡ: ਲਗਾਤਾਰ ਤੀਜੇ ਦਿਨ 20 ਹਜ਼ਾਰ ਤੋਂ ਵੱਧ ਕੇਸ
ਭਾਰਤ ’ਚ ਅੱਜ ਕਰੋਨਾਵਾਇਰਸ ਦੇ 24,850 ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 613 ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ। ਕੇਸਾਂ ਦੇ ਮਾਮਲੇ ’ਚ ਨਿੱਤ ਵਾਧਾ ਦਰਜ ਕੀਤਾ ਜਾ ਰਿਹਾ ਹੈ। ਭਾਰਤ ਵਿਚ ਹੁਣ ਤੱਕ ਕੋਵਿਡ-19 ਦੇ ਕਰੀਬ 6,73,165 ਕੇਸ ਉਜਾਗਰ ਹੋ ਚੁੱਕੇ ਹਨ ਜਦਕਿ ਕੁੱਲ 19,268 ਮੌਤਾਂ ਹੋ ਚੁੱਕੀਆਂ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਲਗਾਤਾਰ ਤੀਜੇ ਦਿਨ 20 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਅਮਰੀਕੀ ਜੌਹਨ ਹੌਪਕਿਨਜ਼ ’ਵਰਸਿਟੀ ਜੋ ਕਿ ਪੂਰੇ ਸੰਸਾਰ ਦਾ ਕੋਵਿਡ ਡੇਟਾ ਦੇਖ ਰਹੀ ਹੈ, ਮੁਤਾਬਕ ਭਾਰਤ ਵਾਇਰਸ ਨਾਲ ਚੌਥਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਅਮਰੀਕਾ, ਬ੍ਰਾਜ਼ੀਲ ਤੇ ਰੂਸ ’ਚ ਵੀ ਕੇਸਾਂ ਦੀ ਗਿਣਤੀ ਲੱਖਾਂ ਵਿਚ ਹੈ। ਮੌਤਾਂ ਦੇ ਮਾਮਲੇ ’ਚ ਭਾਰਤ ਦਾ ਅੱਠਵਾਂ ਨੰਬਰ ਹੈ। ਮਹਾਰਾਸ਼ਟਰ ਵਿਚ ਵਾਇਰਸ ਨਾਲ ਹੁਣ ਤੱਕ 2 ਲੱਖ ਲੋਕ ਪ੍ਰਭਾਵਿਤ ਹੋ ਚੁੱਕੇ ਹਨ। ਬੀਤੇ 24 ਘੰਟਿਆਂ ਵਿਚ ਕਰੀਬ 7000 ਕੇਸ ਸਾਹਮਣੇ ਆਏ ਹਨ। ਤਾਮਿਲਨਾਡੂ ’ਚ ਕਰੋਨਾ ਦੇ 24 ਘੰਟਿਆਂ ’ਚ 4280 ਕੇਸ ਅਤੇ ਦਿੱਲੀ, ਤਿਲੰਗਾਨਾ, ਕਰਨਾਟਕ, ਆਸਾਮ ਤੇ ਬਿਹਾਰ ’ਚ ਕੁੱਲ 7935 ਮਾਮਲੇ ਉਜਾਗਰ ਹੋਏ ਹਨ। ਇਨ੍ਹਾਂ ਸੱਤਾਂ ਰਾਜਾਂ ਵਿਚ ਹੀ ਨਵੇਂ 78 ਫ਼ੀਸਦ ਕੇਸ ਉਜਾਗਰ ਹੋਏ ਹਨ। ਕੇਸ ਵਧਣ ਦੇ ਨਾਲ-ਨਾਲ ਵੱਡੀ ਗਿਣਤੀ ਲੋਕ ਸਿਹਤਯਾਬ ਵੀ ਹੋ ਰਹੇ ਹਨ।
ਹੁਣ ਤੱਕ 4,09,082 ਲੋਕ ਭਾਰਤ ਵਿਚ ਵਾਇਰਸ ਤੋਂ ਉੱਭਰ ਚੁੱਕੇ ਹਨ। ਐਕਟਿਵ ਕੇਸ ਇਸ ਵੇਲੇ 2,44,814 ਹਨ। ਰਿਕਵਰੀ ਵਾਲੇ ਕੇਸਾਂ ਦੀ ਗਿਣਤੀ ਐਕਟਿਵ ਕੇਸਾਂ ਨਾਲੋਂ 1,64,268 ਵੱਧ ਹੈ। ਆਈਸੀਐਮਆਰ ਮੁਤਾਬਕ ਕੋਵਿਡ ਦੇ 97 ਲੱਖ ਤੋਂ ਵੱਧ ਨਮੂਨੇ ਲਏ ਜਾ ਚੁੱਕੇ ਹਨ। ਲੰਘੇ 24 ਘੰਟਿਆਂ ’ਚ 295 ਮੌਤਾਂ ਮਹਾਰਾਸ਼ਟਰ ’ਚ, 81 ਦਿੱਲੀ ਵਿਚ, 65 ਤਾਮਿਲਨਾਡੂ ’ਚ, 42 ਕਰਨਾਟਕ ’ਚ ਹੋਈਆਂ ਹਨ। 70 ਫ਼ੀਸਦ ਮੌਤਾਂ ਉਨ੍ਹਾਂ ਕੇਸਾਂ ’ਚ ਹੋਈਆਂ ਹਨ ਜਿੱਥੇ ਪੀੜਤਾਂ ਦਾ ਪਹਿਲਾਂ ਵੀ ਕਿਸੇ ਰੋਗ ਲਈ ਇਲਾਜ ਚੱਲ ਰਿਹਾ ਸੀ।