ਕੌਮੀ ਹਿੱਤਾਂ ਲਈ ਇਕਜੁੱਟ ਹੋਵੇ ਸਿੱਖ ਕੌਮ: ਜਥੇਦਾਰ

ਕੌਮੀ ਹਿੱਤਾਂ ਲਈ ਇਕਜੁੱਟ ਹੋਵੇ ਸਿੱਖ ਕੌਮ: ਜਥੇਦਾਰ

ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਅੱਜ ਇੱਥੇ ਸ੍ਰੀ ਅਕਾਲ ਤਖ਼ਤ ਵਿਖੇ ਸਿੱਖ ਕੌਮ ਵੱਲੋਂ ਜੈਕਾਰਿਆਂ ਤੇ ਨਾਅਰਿਆਂ ਨਾਲ ਸ਼ਰਧਾਂਜਲੀ ਦਿੱਤੀ ਗਈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮੀ ਹਿੱਤਾਂ ਅਤੇ ਸਿੱਖ ਮਸਲਿਆਂ ਦੇ ਹੱਲ ਲਈ ਸਮੁੱਚੀ ਸਿੱਖ ਕੌਮ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸ਼ਹੀਦੀ ਦਿਵਸ ਮੌਕੇ ਲਾਏ ਨਾਅਰਿਆਂ ਨੂੰ ਨਿਆਂਸੰਗਤ ਦੱਸਦਿਆਂ ਕਿਹਾ ਕਿ ਸਿੱਖ ਕੌਮ ਇਸ ਘਟਨਾ ਨੂੰ ਕਦੇ ਵੀ ਭੁੱਲ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਅਜਿਹੇ ਨਾਅਰੇ ਲਾ ਕੇ ਆਪਣੀ ਪੀੜ ਬਾਹਰ ਕੱਢ ਲੈਂਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ‘ਸਾਕਾ ਨੀਲਾ ਤਾਰਾ’ ਤੇ ‘ਬਲਿਊ ਸਟਾਰ’ ਅਪਰੇਸ਼ਨ ਦੀ ਥਾਂ ‘84 ਦਾ ਘੱਲੂਘਾਰਾ’ ਆਖਿਆ ਜਾਵੇ। ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰਿਮੰਦਰ ਸਾਹਿਬ ਨੂੰ ਆਉਂਦੇ ਸਾਰੇ ਰਸਤਿਆਂ ਦੀ ਘੇਰਾਬੰਦੀ ਕੀਤੀ ਗਈ ਸੀ। ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਪੁਲੀਸ ਕਰਮਚਾਰੀ ਮੌਜੂਦ ਸਨ।
ਇਸ ਤੋਂ ਪਹਿਲਾਂ ਅੱਜ ਸਵੇਰੇ ਅਕਾਲ ਤਖ਼ਤ ਵਿਖੇ ਰੱਖੇ ਗਏ ਅਖੰਡ ਪਾਠ ਦੇ ਭੋਗ ਤੋਂ ਬਾਅਦ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਿੱਖ ਕੌਮ ਵਲੋਂ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਹੀਦੀ ਯਾਦਗਾਰ ਵਿਖੇ ਰੱਖੇ ਅਖੰਡ ਪਾਠ ਦੇ ਵੀ ਭੋਗ ਪਾਏ ਗਏ। ਇਸ ਮੌਕੇ ਅਕਾਲ ਤਖ਼ਤ ਦੀ ਫ਼ਸੀਲ ਤੋਂ ਕੌਮ ਦੇ ਨਾਂ ਆਪਣੇ ਸੰਦੇਸ਼ ਵਿੱਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਅਕਾਲ ਤਖ਼ਤ ’ਤੇ ਕੀਤਾ ਫੌਜੀ ਹਮਲਾ ਠੀਕ ਉਸੇ ਤਰ੍ਹਾਂ ਦਾ ਹਮਲਾ ਸੀ, ਜਿਸ ਤਰ੍ਹਾਂ ਦਾ ਹਮਲਾ 1962 ਵਿਚ ਚੀਨ ਅਤੇ 1965 ਵਿੱਚ ਪਾਕਿਸਤਾਨ ਨੇ ਭਾਰਤ ’ਤੇ ਕੀਤਾ ਸੀ। ਇਸ ਹਮਲੇ ਵਿਚ ਫੌਜਾਂ ਨੇ ਉਹੀ ਵਿਵਹਾਰ ਕੀਤਾ, ਜੋ ਜੇਤੂ ਫੌਜਾਂ ਹਾਰੇ ਹੋਏ ਮੁਲਕ ਦੇ ਬਸ਼ਿੰਦਿਆਂ ਨਾਲ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਲਈ ਇਹ ਹਮਲਾ ਕੌਮ ਦੇ ਪਿੰਡੇ ’ਤੇ ਇਕ ਅਜਿਹਾ ਨਾਸੂਰ ਹੈ, ਜੋ ਸਾਰਾ ਸਾਲ ਰਿਸਦਾ ਤੇ ਪੀੜ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਆਪਣੇ ਮਤਭੇਦ ਭੁਲਾ ਕੇ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਸਿਰ ਜੋੜ ਕੇ ਬੈਠੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਕੌਮ ਦੀ ਤਾਕਤ ਦਾ ਸਰੋਤ ਹਨ ਤੇ ਰਾਜਸੀ ਮਤਭੇਦਾਂ ਦੇ ਚਲਦਿਆਂ ਆਪਣੀ ਇਸ ਤਾਕਤ ਨੂੰ ਕਦੇ ਕਮਜ਼ੋਰ ਨਾ ਕੀਤਾ ਜਾਵੇ।

ਅੱਜ ਦੇ ਦਿਨ ਨੂੰ ਅੰਮ੍ਰਿਤਸਰ ਨਸਲਕੁਸ਼ੀ ਦਿਨ ਐਲਾਨਣ ਦੀ ਮੰਗ ਬਾਰੇ ਉਨ੍ਹਾਂ ਕਿਹਾ ਕਿ ਇਹ ਹਮਲਾ ਸਿਰਫ ਸ੍ਰੀ ਹਰਿਮੰਦਰ ਸਾਹਿਬ ’ਤੇ ਹੀ ਨਹੀਂ ਸੀ, ਸਗੋਂ 37 ਹੋਰ ਗੁਰੂਧਾਮਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਇਥੇ ਸਿੱਖਾਂ ਨੇ ਭਾਰਤੀ ਫੌਜ ਨੂੰ ਆਪਣੀ ਸਮਰੱਥਾ ਮੁਤਾਬਕ ਜਵਾਬ ਦਿੱਤਾ ਸੀ। ਇਸ ਦਿਨ ਨੂੰ ਸਿੱਖ ਕੌਮ ਘੱਲੂਘਾਰਾ ਪ੍ਰਵਾਨ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਨਸਲਕੁਸ਼ੀ ਇਕ ਤੋਂ 4 ਨਵੰਬਰ 1984 ਤੱਕ ਦਿੱਲੀ ਤੇ ਹੋਰ ਥਾਵਾਂ ’ਤੇ ਹੋਈ ਸੀ। ਉਨ੍ਹਾਂ ਕਿਹਾ ਕਿ ਅੱਜ ਦੇ ਦਿਨ ਨੂੰ ‘ਸਾਕਾ ਨੀਲਾ ਤਾਰਾ’ ਤੇ ‘ਬਲਿਊ ਸਟਾਰ’ ਅਪਰੇਸ਼ਨ ਦੀ ਥਾਂ ‘84 ਦਾ ਘੱਲੂਘਾਰਾ’ ਆਖਿਆ ਜਾਵੇ।
ਸ਼ਰਧਾਂਜਲੀ ਸਮਾਗਮ ਵਿੱਚ ਦੀਪ ਸਿੱਧੂ ਤੇ ਉਸ ਦੇ ਸਾਥੀ ਵੀ ਪੁੱਜੇ ਹੋਏ ਸਨ, ਜਿਨ੍ਹਾਂ ਖ਼ਾਲਿਸਤਾਨ ਪੱਖੀ ਨਾਅਰੇ ਵੀ ਲਾਏ। ਇਸ ਤੋਂ ਤੁਰੰਤ ਬਾਅਦ ਹੋਰ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਆਏ ਹੋਏ ਸਿੱਖਾਂ ਨੇ ਵੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਲਗਪਗ ਇਕ ਘੰਟਾ ਨਾਅਰੇਬਾਜ਼ੀ ਹੁੰਦੀ ਰਹੀ। ਇਸ ਦੌਰਾਨ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਸ਼ਹੀਦੀ ਯਾਦਗਾਰ ਦੇ ਸਾਹਮਣੇ ਖੜ੍ਹੇ ਹੋ ਕੇ ਸਿੱਖ ਕੌਮ ਦੇ ਨਾਂ ਸੰਦੇਸ਼ ਪੜ੍ਹਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਵੀ ਹਾਜ਼ਰ ਸੰਗਤ ਨੂੰ ਸੰਬੋਧਨ ਕੀਤਾ। ਦਲ ਖ਼ਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਕੰਵਰਪਾਲ ਸਿੰਘ ਤੇ ਹੋਰਨਾਂ ਨੇ ਵੀ ਖਾਲਿਸਤਾਨ ਪੱਖੀ ਨਾਅਰੇਬਾਜ਼ੀ ਕੀਤੀ।ਇਸ ਦੌਰਾਨ ਨਿਹੰਗ ਸਿੰਘ ਬਾਣੇ ਵਿਚ ਕੁਝ ਨੌਜਵਾਨਾਂ ਨੇ ਨੰਗੀਆਂ ਕਿਰਪਾਨਾਂ ਤੇ ਹੋਰ ਹਥਿਆਰ ਵੀ ਚੁੱਕੇ ਹੋਏ ਸਨ। ਕਈ ਨੌਜਵਾਨਾਂ ਨੇ ਸੰਤ ਭਿੰਡਰਾਂਵਾਲਾ ਜ਼ਿੰਦਾਬਾਦ ਦੇ ਪੋਸਟਰ ਚੁੱਕੇ ਹੋਏ ਸਨ ਅਤੇ ਕਈਆਂ ਨੇ ਅਜਿਹੀਆਂ ਟੀ-ਸ਼ਰਟਾਂ ਪਾਈਆਂ ਹੋਈਆਂ ਸਨ।
ਉਧਰ ਪੁਲੀਸ ਨੇ ਇਹਤਿਆਤ ਵਜੋਂ ਅੱਜ ਕੁਝ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਸਿੱਖ ਯੂਥ ਪਾਵਰ ਆਫ਼ ਪੰਜਾਬ ਦੇ ਮੁਖੀ ਪਰਮਜੀਤ ਸਿੰਘ ਅਕਾਲੀ ਨੇ ਦੱਸਿਆ ਕਿ ਪੁਲੀਸ ਵੱਲੋਂ ਉਨ੍ਹਾਂ ਸਮੇਤ ਹੋਰ ਕਈ ਸਿੱਖ ਨੌਜਵਾਨਾਂ ਨੂੰ ਰਾਤ ਤੋਂ ਹੀ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਸੀ। ਕਰੋਨਾ ਕਾਰਨ ਚੱਲ ਰਹੀ ਦੋ ਦਿਨ ਦੀ ਤਾਲਾਬੰਦੀ ਕਾਰਨ ਭਾਵੇਂ ਬਾਜ਼ਾਰ ਬੰਦ ਸਨ, ਪਰ ਅੱਜ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੰਗਤ ਵੱਡੀ ਗਿਣਤੀ ਵਿੱਚ ਪੁੱਜੀ ਹੋਈ ਸੀ। ਸਮਾਗਮ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਵਧੀਕ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਤਰਨਾ ਦਲ ਦੇ ਮੁਖੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ, ਦਲ ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਬਾਬਾ ਅਵਤਾਰ ਸਿੰਘ ਸੁਰਸਿੰਘ, ਦਮਦਮੀ ਟਕਸਾਲ ਦੇ ਨੁਮਾਇੰਦਿਆਂ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Radio Mirchi