ਕੌਰੀਡੋਰ ਟਰਮੀਨਲ: ਉਸਾਰੀ ਖਾਮੀਆਂ ਕਾਰਨ ਸ਼ਰਧਾਲੂ ਪ੍ਰੇਸ਼ਾਨ
ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕਰਤਾਰਪੁਰ ਕੌਰੀਡੋਰ ਦਾ ਪੈਸੰਜਰ ਟਰਮੀਨਲ ਦੀ ਬਿਲਡਿੰਗ ਦੀ ਉਸਾਰੀ 31 ਅਕਤੂਬਰ ਤੱਕ ਮੁਕੰਮਲ ਕਰਨ ਦਾ ਵਾਅਦਾ ਅਤੇ ਦਾਅਵਾ ਕੀਤਾ ਗਿਆ ਸੀ, ਪਰ ਟਰਮੀਨਲ ਪੂਰਾ ਨਾ ਹੋਣ ਕਾਰਨ ਹੁਣ ਸ਼ਰਧਾਲੂ ਅਤੇ ਡਿਊਟੀ ਕਰਮਚਾਰੀਆਂ ਨੂੰ ਹੱਡ ਚੀਰਵੀਂ ਸੀਤ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਸੰਜਰ ਟਰਮੀਨਲ ਤੋਂ ਪਰਤੇ ਕੁਝ ਸ਼ਰਧਾਲੂ ਹਰਪ੍ਰੀਤ ਸਿੰਘ, ਨਰਿੰਜਣ ਸਿੰਘ, ਤੇਜਬੀਰ ਸਿੰਘ, ਸਰਬਪਾਲ ਸਿੰਘ, ਹਰਪ੍ਰੀਤ ਸਿੰਘ, ਦਰਸਨ ਸਿੰਘ ਆਦਿ ਨੇ ਦੱਸਿਆ ਕਿ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਕੌਮਾਂਤਰੀ ਏਅਰਪੋਰਟ ਵਰਗਾ ਪੈਸੰਜਰ ਟਰਮੀਨਲ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ 44 ਦਿਨ ਬੀਤਣ ਦੇ ਬਾਵਜੂਦ ਅਜੇ ਤੱਕ ਪੈਸੰਜਰ ਟਰਮੀਨਲ ਦੀ ਉਸਾਰੀ ਮੁਕੰਮਲ ਨਹੀਂ ਹੋ ਸਕੀ।
ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਪਏ ਮੀਂਹ ਕਾਰਨ ਪੈਸੰਜਰ ਟਰਮੀਨਲ ਦੀ ਛੱਤ ਚੋਣ ਕਾਰਨ ਪਾਣੀ ਅੰਦਰ ਦਾਖ਼ਲ ਹੋ ਗਿਆ ਸੀ। ਛੱਤ ’ਤੇ ਦੁਬਈ ਤੋਂ ਮੰਗਵਾ ਕੇ ਪਾਈਆਂ ਚਾਦਰਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਛੱਤ ਖੋਲ੍ਹੀ ਹੋਣ ਕਾਰਨ ਸੀਤ ਲਹਿਰ ਨਾਲ ਸ਼ਰਧਾਲੂਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਦੋਂ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਕ ਮਹੀਨੇ ਤੱਕ ਪੈਸੰਜਰ ਟਰਮੀਨਲ ਨੂੰ ਏਅਰ ਕੰਡੀਸ਼ਨਰ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦਾ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।