ਕ੍ਰਿਕਟ: ਰੋਹਿਤ ਨਿਊਜ਼ੀਲੈਂਡ ਦੌਰੇ ਤੋਂ ਬਾਹਰ
ਭਾਰਤ ਨੂੰ ਉਸ ਸਮੇਂ ਝਟਕਾ ਲੱਗਿਆ, ਜਦੋਂ ਉਸ ਦਾ ਸੀਮਤ ਓਵਰਾਂ ਦਾ ਉਪ ਕਪਤਾਨ ਰੋਹਿਤ ਸ਼ਰਮਾ ਮਾਊਂਟ ਮੋਨਗਨੁਈ ਵਿੱਚ ਪੰਜਵੇਂ ਅਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਦੌਰਾਨ ਪਿੰਜਣੀ ਦੀ ਸੱਟ ਕਾਰਨ ਅੱਜ ਨਿਊਜ਼ੀਲੈਂਡ ਖ਼ਿਲਾਫ਼ ਅਗਲੇ ਇੱਕ ਰੋਜ਼ਾ ਅਤੇ ਟੈਸਟ ਕ੍ਰਿਕਟ ਲੜੀਆਂ ’ਚੋਂ ਬਾਹਰ ਹੋ ਗਿਆ। ਹੁਣ ਉਸ ਦੀ ਥਾਂ ਮਯੰਕ ਅਗਰਵਾਲ ਇੱਕ ਰੋਜ਼ਾ ਅਤੇ ਸ਼ੁਭਮਨ ਗਿੱਲ ਟੈਸਟ ਟੀਮ ਵਿੱਚ ਤੀਜੇ ਸਲਾਮੀ ਬੱਲੇਬਾਜ਼ ਹੋਣਗੇ।
ਮੈਚ ਦੌਰਾਨ ਤੇਜ਼ੀ ਨਾਲ ਇੱਕ ਦੌੜ ਲੈਣ ਦੇ ਯਤਨ ਵਿੱਚ ਰੋਹਿਤ ਦੀ ਪਿੰਜਣੀ ਦੀਆਂ ਮਾਸਪੇਸ਼ੀਆਂ ਖਿੱਚੀਆਂ ਗਈਆਂ ਸਨ ਅਤੇ ਉਸ ਨੂੰ 41 ਗੇਂਦਾਂ ਵਿੱਚ 60 ਦੌੜਾਂ ਬਣਾਉਣ ਮਗਰੋਂ ਰਿਟਾਇਰਡ ਹਰਟ ਹੋਣਾ ਪਿਆ ਸੀ। ਬੀਸੀਸੀਆਈ ਦੇ ਇੱਕ ਸੂਤਰ ਨੇ ਗੁਪਤਤਾ ਦੀ ਸ਼ਰਤ ’ਤੇ ਦੱਸਿਆ, ‘‘ਉਹ ਦੌਰੇ ਤੋਂ ਬਾਹਰ ਹੋ ਗਿਆ ਹੈ। ਇਸ ਵੇਲੇ ਉਸ ਦੀ ਹਾਲਤ ਜ਼ਿਆਦਾ ਠੀਕ ਨਹੀਂ ਲੱਗ ਰਹੀ। ਫਿਜਿਓ ਉਸ ਦਾ ਮੁਲਾਂਕਣ ਕਰ ਰਿਹਾ ਹੈ। ਸਾਨੂੰ ਬਾਅਦ ਵਿੱਚ ਪਤਾ ਚੱਲੇਗਾ ਕਿ ਸੱਟ ਦੀ ਕੀ ਸਥਿਤੀ ਹੈ, ਪਰ ਉਹ ਲੜੀ ਵਿੱਚ ਅੱਗੇ ਹਿੱਸਾ ਨਹੀਂ ਲਵੇਗਾ।’’ ਭਾਰਤ ਬੁੱਧਵਾਰ ਤੋਂ ਨਿਊਜ਼ੀਲੈਂਡ ਖ਼ਿਲਾਫ਼ ਤਿੰਨ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਲੜੀ ਵਿੱਚ ਹਿੱਸਾ ਲਵੇਗਾ, ਜਦਕਿ ਇਸ ਮਗਰੋਂ ਦੋ ਟੈਸਟ ਮੈਚਾਂ ਦੀ ਲੜੀ ਖੇਡੀ ਜਾਵੇਗੀ। ਪਤਾ ਚੱਲਿਆ ਹੈ ਕਿ ਮਯੰਕ ਅਗਰਵਾਲ ਇੱਕ ਰੋਜ਼ਾ ਟੀਮ ਵਿੱਚ ਰੋਹਿਤ ਦੀ ਥਾਂ ਲੋਕੇਸ਼ ਰਾਹੁਲ ਅਤੇ ਪ੍ਰਿਥਵੀ ਸ਼ਾਅ ਨਾਲ ਤੀਜਾ ਸਲਾਮੀ ਬੱਲੇਬਾਜ਼ ਹੋਵੇਗਾ। ਇਸ ਵੰਨਗੀ ਵਿੱਚ ਅਗਰਵਾਲ ਦੀ ਚੋਣ ਤੁਰੰਤ ਕਰਨ ਦਾ ਫ਼ੈਸਲਾ ਕੀਤਾ ਗਿਆ ਕਿਉਂਕਿ ਵੈਸਟ ਇੰਡੀਜ਼ ਖ਼ਿਲਾਫ਼ ਘਰੇਲੂ ਇੱਕ ਰੋਜ਼ਾ ਲੜੀ ਦੌਰਾਨ ਜਦੋਂ ਸ਼ਿਖਰ ਧਵਨ ਗੋਡੇ ਦੀ ਸੱਟ ਕਾਰਨ ਬਾਹਰ ਹੋ ਗਿਆ ਸੀ ਤਾਂ ਉਸ ਨੇ ਬਦਲਵੇਂ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਸੀ।
ਟੈਸਟ ਟੀਮ ਵਿੱਚ ਰੋਹਿਤ ਦੀ ਗ਼ੈਰ-ਮੌਜੂਦਗੀ ਵਿੱਚ ਰਾਹੁਲ ਅਤੇ ਪ੍ਰਿਥਵੀ ਸ਼ਾਅ ਨਾਲ ਸ਼ੁਭਮਨ ਗਿੱਲ ਤੀਜਾ ਸਲਾਮੀ ਬੱਲੇਬਾਜ਼ ਹੋਵੇਗਾ। ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੀਆਂ ਪਿਛਲੀਆਂ ਦੋ ਘਰੇਲੂ ਟੈਸਟ ਲੜੀਆਂ ਵਿੱਚ ਗਿੱਲ ਨੇ ਰੋਹਿਤ ਅਤੇ ਰਾਹੁਲ ਨਾਲ ਬੈਕਅੱਪ ਸਲਾਮੀ ਬੱਲੇਬਾਜ਼ ਦੀ ਭੂਮਿਕਾ ਨਿਭਾਈ ਸੀ। ਉਸ ਨੇ ਕ੍ਰਾਈਸਟਚਰਚ ਵਿੱਚ ਨਿਊਜ਼ੀਲੈਂਡ ‘ਏ’ ਦੇ ਖ਼ਿਲਾਫ਼ ਗ਼ੈਰ-ਰਸਮੀ ਟੈਸਟ ਵਿੱਚ 83 ਅਤੇ ਨਾਬਾਦ 204 ਦੌੜਾਂ ਦੀਆਂ ਪਾਰੀਆਂ ਖੇਡ ਕੇ ਸੀਨੀਅਰ ਟੀਮ ਵਿੱਚ ਥਾਂ ਪੱਕੀ ਕੀਤੀ। ਟੈਸਟ ਟੀਮ ਦਾ ਅਜੇ ਤੱਕ ਅਧਿਕਾਰਤ ਐਲਾਨ ਨਹੀਂ ਹੋਇਆ, ਪਰ ਪਤਾ ਚੱਲਿਆ ਹੈ ਕਿ ਇਸ ਦੀ ਚੋਣ ਹੋ ਚੁੱਕੀ ਹੈ ਅਤੇ ਸਿਰਫ਼ ਅਧਿਕਾਰਤ ਐਲਾਨ ਬਾਕੀ ਹੈ।
ਐੱਮਐੱਸਕੇ ਪ੍ਰਸਾਦ ਦੀ ਅਗਵਾਈ ਵਾਲੀ ਪੁਰਾਣੀ ਚੋਣ ਕਮੇਟੀ ਨੇ ਬਦਲਵੇਂ ਖਿਡਾਰੀਆਂ ਦੀ ਚੋਣ ਕੀਤੀ ਹੈ, ਪਰ ਰਸਮੀ ਐਲਾਨ ਵਿੱਚ ਥੋੜ੍ਹਾ ਸਮਾਂ ਲੱਗ ਸਕਦਾ ਹੈ ਕਿਉਂਕਿ ਚੋਣ ਕਮੇਟੀ ਦੇ ਕੁਆਰਡੀਨੇਟਰ ਬੀਸੀਸੀਆਈ ਸਕੱਤਰ ਜੈ ਸ਼ਾਹ ਖ਼ਜ਼ਾਨਚੀ ਅਰੁਣ ਧੂਮਲ ਨਾਲ ਨਿਊਜ਼ੀਲੈਂਡ ਜਾ ਰਹੇ ਹਨ।
ਸੂਤਰ ਨੇ ਕਿਹਾ, ‘‘ਸਕੱਤਰ ਦੀ ਮਨਜ਼ੂਰੀ ਮਿਲਣ ਮਗਰੋਂ ਬਦਲਵੇਂ ਖਿਡਾਰੀਆਂ ਦਾ ਰਸਮੀ ਐਲਾਨ ਕੀਤਾ ਜਾਵੇਗਾ, ਪਰ ਚੋਣਕਾਰ ਪਹਿਲਾਂ ਹੀ ਨਾਮ ਭੇਜ ਚੁੱਕੇ ਹਨ।’’ ਹਾਲੇ ਇਹ ਪਤਾ ਨਹੀਂ ਚੱਲ ਸਕਿਆ ਕਿ ਰੋਹਿਤ ਦੀ ਸੱਟ ਕਿੰਨੀ ਕੁ ਗੰਭੀਰ ਹੈ ਪਰ ਮੈਚ ਦੌਰਾਨ ਜਦੋਂ ਫਿਜਿਓ ਨਿਤਿਨ ਪਟੇਲ ਉਸ ਦਾ ਇਲਾਜ ਕਰ ਰਿਹਾ ਸੀ ਤਾਂ ਉਸ ਨੂੰ ਕਾਫ਼ੀ ਦਰਦ ਮਹਿਸੂਸ ਹੋ ਰਿਹਾ ਸੀ। ਰੋਹਿਤ ਦੀ ਸੱਟ ਭਾਰਤ ਲਈ ਵੱਡਾ ਝਟਕਾ ਹੈ ਕਿਉਂਕਿ ਸਾਲ 2019 ਵਿੱਚ ਸਾਰੀਆਂ ਵੰਨਗੀਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਇਹ ਬੱਲੇਬਾਜ਼ ਚੰਗੀ ਲੈਅ ਵਿੱਚ ਸੀ। ਉਸ ਨੇ ਹਾਲ ਹੀ ਵਿੱਚ ਖ਼ਤਮ ਹੋਈ ਪੰਜ ਮੈਚਾਂ ਦੀ ਟੀ-20 ਲੜੀ ਵਿੱਚ ਭਾਰਤ ਦੀ 5-0 ਦੀ ਜਿੱਤ ਦੌਰਾਨ ਦੋ ਸ਼ਾਨਦਾਰ ਪਾਰੀਆਂ ਖੇਡੀਆਂ ਸਨ। ਰੋਹਿਤ ਨੇ ਸੁਪਰ ਓਵਰ ਵਿੱਚ ਲਗਾਤਾਰ ਦੋ ਛੱਕਿਆਂ ਨਾਲ ਭਾਰਤ ਨੂੰ ਜਿੱਤ ਵੀ ਦਿਵਾਈ ਸੀ।