ਖਾਲਿਸਤਾਨ ਸਬੰਧੀ ਮੇਰੀ ਰਿਪੋਰਟ ਬਿਲਕੁਲ ਸੱਚ : ਰਿਪੋਰਟਰ
ਟੋਰਾਂਟੋ- ਖਾਲਿਸਤਾਨੀ ਅੱਤਵਾਦ ਵਿਚ ਪਾਕਿਸਤਾਨ ਦੀ ਭੂਮਿਕਾ ਦਾ ਪਰਦਾਫਾਸ਼ ਕਰਨ ਵਾਲੀ ਰਿਪੋਰਟ ਪੇਸ਼ ਕਰਨ ਵਾਲੇ ਕੈਨੇਡੀਅਨ ਰਿਪੋਰਟਰ ਨੇ ਉਸ ਦੀ ਰਿਪੋਰਟ 'ਤੇ ਸਵਾਲ ਖੜ੍ਹੇ ਕਰਨ ਵਾਲਿਆਂ ਨੂੰ ਸਪੱਸ਼ਟ ਜਵਾਬ ਦਿੱਤਾ ਹੈ। ਖਾਲਿਸਤਾਨ ਪੱਖੀ ਸਮੂਹ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੀ ਮਦਦ ਨਾਲ ਇਸ ਰਿਪੋਰਟ ਦੀ ਭਰੋਸੇਯੋਗਤਾ ‘ਤੇ ਸਵਾਲ ਚੁੱਕੇ ਹਨ। ਇਸ ਦਾ ਜਵਾਬ ਸੀਨੀਅਰ ਪੱਤਰਕਾਰ ਟੇਰੀ ਮਲੇਵਸਕੀ ਨੇ ਸਖਤ ਸ਼ਬਦਾਂ ਵਿਚ ਦਿੱਤਾ ਹੈ। ਉਸ ਨੇ ਕਿਹਾ, "ਮੇਰੀ ਰਿਪੋਰਟ ਦਸਤਾਵੇਜ਼ੀ ਸਬੂਤ ਅਤੇ ਭਰੋਸੇਮੰਦ ਸਰੋਤਾਂ ਤੋਂ ਬਣੀ ਹੈ। ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਖਾਲਿਸਤਾਨ ਦੇ ਹਿਮਾਇਤੀ ਆਪਣੀ ਗੱਲ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦੇ ਸਕੇ।"
ਖਾਲਿਸਤਾਨ ਸਮਰਥਕ ਸਮੂਹ ਦਾ ਪੱਤਰ ਮੈਕਡੋਨਾਲਡ-ਲਾਇਰ ਇੰਸਟੀਚਿਊਟ ਦੇ ਬੋਰਡ ਨੂੰ ਸੰਬੋਧਤ ਹੈ। ਇਹ ਰਿਪੋਰਟ ਇਸ ਕੈਨੇਡੀਅਨ ਥਿੰਕ ਟੈਂਕ ਨੇ ਪ੍ਰਕਾਸ਼ਿਤ ਕੀਤੀ ਹੈ। "ਖਾਲਿਸਤਾਨ: ਇਕ ਪ੍ਰੋਜੈਕਟ ਆਫ ਪਾਕਿਸਤਾਨ" ਦੇ ਸਿਰਲੇਖ ਵਾਲੀ ਇਸ ਰਿਪੋਰਟ ਨੇ ਦੁਨੀਆ ਦੇ ਸਾਹਮਣੇ ਪਾਕਿਸਤਾਨ ਦੀ ਪੋਲ ਖੋਲ੍ਹ ਦਿੱਤੀ ਹੈ। ਮਲੇਵਸਕੀ ਨੇ ਸਿਲਸਿਲੇਵਾਰ ਟਵੀਟ ਕਰਦੇ ਹੋਏ ਜਵਾਬ ਦਿੱਤਾ ਕਿ ਖਾਲਿਸਤਾਨ ਅੰਦੋਲਨਕਾਰੀ ਪਾਕਿਸਤਾਨ ਦੇ ਰਹਿਮ 'ਤੇ ਪਲ ਰਿਹਾ ਹੈ। ਇਹ ਸੱਚ ਦੁਨੀਆ ਅੱਗੇ ਨਾ ਆਵੇ, ਇਸ ਲਈ ਮੇਰੇ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਤੇ ਰਿਪੋਰਟ 'ਤੇ ਸਵਾਲ ਚੁੱਕੇ ਜਾ ਰਹੇ ਹਨ।