ਖਿਡੌਣਿਆਂ ਦੇ ਨਿਰਮਾਣ ’ਚ ਦੁਨੀਆ ਦਾ ਧੁਰਾ ਬਣ ਸਕਦੈ ਭਾਰਤ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਖਿਡੌਣਾ ਨਿਰਮਾਣ ਦੇ ਖੇਤਰ ਵਿਚ ਦੁਨੀਆ ਭਰ ਦਾ ਧੁਰਾ ਬਣ ਸਕਦਾ ਹੈ। ‘ਮਨ ਕੀ ਬਾਤ’ ਪ੍ਰੋਗਰਾਮ ਵਿਚ ਮੋਦੀ ਨੇ ਉੱਦਮੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਆਲਮੀ ਖਿਡੌਣਾ ਬਾਜ਼ਾਰ ਵਿਚ ਭਾਰਤ ਦਾ ਹਿੱਸਾ ਸੱਤ ਲੱਖ ਕਰੋੜ ਰੁਪਏ ਤੋਂ ਵੀ ਵੱਧ ਹੈ। ਮੁਲਕ ਕੋਲ ਇਸ ਸਨਅਤ ਦਾ ਧੁਰਾ ਬਣਨ ਦੀ ਪੂਰੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ ਕਿ ਅਸੀਂ ਦੇਸ਼ ਵਿਚ ਬਣੇ ਖਿਡੌਣਿਆਂ ਨੂੰ ਤਰਜੀਹ ਦਈਏ। ਇਸ ਤੋਂ ਇਲਾਵਾ ਭਾਰਤ ਅਧਾਰਿਤ ਕੰਪਿਊਟਰ ਗੇਮਜ਼ ਵਿਕਸਿਤ ਕੀਤੀਆਂ ਜਾਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡਾ ਵਿਰਸਾ ਤੇ ਇਤਿਹਾਸ ਬਹੁਤ ਅਮੀਰ ਹੈ, ਕੀ ਅਸੀਂ ਇਸ ਉਤੇ ਗੇਮ ਵਿਕਸਿਤ ਨਹੀਂ ਕਰ ਸਕਦੇ? ਜ਼ਿਕਰਯੋਗ ਹੈ ਕਿ ਖਿਡੌਣਾ ਸਨਅਤ ਵਿਚ ਚੀਨ ਪੂਰੀ ਦੁਨੀਆ ਵਿਚੋਂ ਮੋਹਰੀ ਹੈ ਤੇ ਵੱਡੇ ਪੱਧਰ ਉਤੇ ਇਨ੍ਹਾਂ ਦਾ ਨਿਰਮਾਣ ਕਰਦਾ ਹੈ। ਪ੍ਰਸਾਰਨ ਵਿਚ ਮੋਦੀ ਨੇ ਮਹਾਮਾਰੀ ਦੌਰਾਨ ਤਿਉਹਾਰ ਸਾਧਾਰਨ ਢੰਗ ਨਾਲ ਮਨਾਉਣ ਲਈ ਲੋਕਾਂ ਦੀ ਸ਼ਲਾਘਾ ਕੀਤੀ। ਫ਼ਸਲਾਂ ਦੀ ਬਿਜਾਈ ਦਾ ਖੇਤਰ ਵਧਾਉਣ ਲਈ ਉਨ੍ਹਾਂ ਕਿਸਾਨਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਦੇਸ਼ ਵਿਚ ਵਾਪਰੀਆਂ ਇਤਿਹਾਸਕ ਘਟਨਾਵਾਂ ਬਾਰੇ ਜਾਣੂ ਕਰਵਾਉਣ ਤੇ ਆਜ਼ਾਦੀ ਦੇ ਸੰਘਰਸ਼ ਬਾਰੇ ਵੀ ਦੱਸਣ। ਆਪਣੇ ਭਾਸ਼ਣ ਵਿਚ ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸੀ ਨਸਲ ਦੇ ਕੁੱਤੇ (ਭਾਰਤੀ ਬਰੀਡ) ਪਾਲਣ ਨੂੰ ਤਰਜੀਹ ਦੇਣ। ਉਨ੍ਹਾਂ ਕਿਹਾ ਕਿ ਭਾਰਤੀ ਨਸਲ ਦੇ ਕੁੱਤਿਆਂ ਨੂੰ ਹੁਣ ਰੱਖਿਆ ਬਲ ਵੀ ਸ਼ਾਮਲ ਕਰ ਰਹੇ ਹਨ। ਮੋਦੀ ਨੇ ਕਿਹਾ ਕਿ ਭਾਰਤੀ ਤਿਉਹਾਰਾਂ ਤੇ ਵਾਤਾਵਰਣ ਵਿਚਾਲੇ ਗੂੜ੍ਹਾ ਸਬੰਧ ਰਿਹਾ ਹੈ। ਲੋਕਾਂ ਨੇ ਮਹਾਮਾਰੀ ਦੌਰਾਨ ਤਿਉਹਾਰ ਅਨੁਸ਼ਾਸਨ ਨਾਲ ਮਨਾਏ ਹਨ।