ਖੇਤੀ ਕਾਨੂੰਨ ਰੱਦ ਕਰਾਉਣ ਲਈ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ

ਖੇਤੀ ਕਾਨੂੰਨ ਰੱਦ ਕਰਾਉਣ ਲਈ ਬਰਾਬਰ ਡਟਣਗੀਆਂ ਕਿਸਾਨ ਬੀਬੀਆਂ

ਕੌਮਾਂਤਰੀ ਮਹਿਲਾ ਦਿਵਸ ਮੌਕੇ ਦਿੱਲੀ ਦੇ ਬਾਰਡਰਾਂ ਸਿੰਘੂ, ਟਿਕਰੀ, ਗਾਜ਼ੀਪੁਰ ਅਤੇ ਪਲਵਲ ’ਤੇ ਲੱਗੇ ਮੋਰਚਿਆਂ ’ਚ ਔਰਤਾਂ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਨ ਸਮੇਤ ਔਰਤਾਂ ਦੀ ਬਰਾਬਰੀ ਦੇ ਹੱਕ ਦਾ ਹੋਕਾ ਦਿੱਤਾ। ਉਨ੍ਹਾਂ ਵੱਡੀ ਗਿਣਤੀ ’ਚ ਹਾਜ਼ਰੀ ਲੁਆ ਕੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਸੰਘਰਸ਼ ਵਿੱਚ ਡਟਣ ਦਾ ਇਰਾਦਾ ਜ਼ਾਹਿਰ ਕੀਤਾ। ਹਰਿਆਣਵੀ ਔਰਤਾਂ ਨੇ ਵੱਡੀ ਗਿਣਤੀ ਵਿੱਚ ਮੋਰਚਿਆਂ ’ਤੇ ਸ਼ਾਮਲ ਹੋ ਕੇ ਮੋਦੀ ਸਰਕਾਰ ਹਟਾਉਣ ਦੇ ਨਾਅਰੇ ਲਾਏ। ਗਾਜ਼ੀਪੁਰ ਮੋਰਚੇ ’ਤੇ ਇਸ ਅੰਦੋਲਨ ਦੀ ਜਿੱਤ ਮਗਰੋਂ ਈਵੀਐੱਮਜ਼ (ਇਲੈਕਟ੍ਰਾਨਿਕ ਵੋਟਿੰਗ ਮਸ਼ੀਨ) ਦੀ ਵਰਤੋਂ ਬੰਦ ਕਰਨ ਲਈ ਇੰਨਾ ਹੀ ਵੱਡਾ ਮੋਰਚਾ ਲਾਉਣ ਦਾ ਸੱਦਾ ਦਿੱਤਾ ਗਿਆ। ਔਰਤਾਂ ਨੇ ਆਪਣੀਆਂ ਭਾਵਨਾਵਾਂ ਭਾਸ਼ਣਾਂ, ਲੋਕ ਨਾਚਾਂ, ਗੀਤਾਂ, ਕਵਿਤਾਵਾਂ ਰਾਹੀਂ ਪੇਸ਼ ਕੀਤੀਆਂ ਅਤੇ ਦਰਸਾਇਆ ਕਿ ਉਹ ਵੀ ਕਿਸਾਨ ਘੋਲ ਵਿੱਚ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ। ਕਈ ਔਰਤਾਂ ਟਰੈਕਟਰ ਚਲਾ ਕੇ ਮੋਰਚਿਆਂ ਵਿੱਚ ਸ਼ਾਮਲ ਹੋਈਆਂ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਦੱਖਣੀ ਰਾਜਾਂ ਤੋਂ ਵੀ ਅੱਜ ਦਿੱਲੀ ਦੇ ਮੋਰਚਿਆਂ ਵਿੱਚ ਹਜ਼ਾਰਾਂ ਔਰਤਾਂ ਨੇ ਹਾਜ਼ਰੀ ਭਰੀ। ਭਾਸ਼ਣਾਂ ਦੌਰਾਨ ਔਰਤਾਂ ਨੇ ਮੋਦੀ ਸਰਕਾਰ ਖ਼ਿਲਾਫ਼ ਸੁਰ ਤਿੱਖੀ ਰੱਖੀ। ਕਿਸਾਨ ਆਗੂ ਕਵਿਤਾ ਕੁਰੂੰਗਟੀ ਨੇ ਦੱਸਿਆ ਕਿ ਅੱਜ ਔਰਤਾਂ ਨੇ ਮੰਚ ਸੰਚਾਲਨ, ਵਾਲੰਟੀਅਰ ਅਤੇ ਭਾਸ਼ਣਾਂ ਦੀ ਕਮਾਨ ਸੰਭਾਲੀ। ਉਨ੍ਹਾਂ ਕਿਹਾ ਕਿ ਜਨਤਕ ਸੰਘਰਸ਼ਾਂ ਅੰਦਰ ਖੇਤ ਮਜ਼ਦੂਰ ਤੇ ਕਿਸਾਨ ਔਰਤਾਂ ਦੀਆਂ ਲਾਮਬੰਦੀਆਂ ਨੇ ਮਹਿਲਾ ਹੱਕਾਂ ਦੀ ਲਹਿਰ ਲਈ ਵੀ ਇੱਕ ਨਿੱਗਰ ਆਧਾਰ ਸਿਰਜਿਆ ਹੈ ਜਿਸ ਰਾਹੀਂ ਮਹਿਲਾ ਹੱਕਾਂ ਦੀ ਗੱਲ ਚੱਲਣ ਦਾ ਹਾਂਦਰੂ ਮਾਹੌਲ ਉਸਰਦਾ ਹੈ। ਮਹਿਲਾ ਜਥੇਬੰਦੀਆਂ ਦੀਆਂ ਕਈ ਆਗੂਆਂ ਨੇ ਔਰਤਾਂ ਦੇ ਹੱਕ ਦੀ ਬਾਤ ਪਾਈ। ਉਨ੍ਹਾਂ ਕਿਹਾ ਕਿ ਸਾਮਰਾਜੀ ਕੰਪਨੀਆਂ ਔਰਤਾਂ ਦੀ ਦਾਬੇ ਵਾਲੀ ਹਾਲਤ ਦਾ ਲਾਹਾ ਲੈਂਦਿਆਂ ਉਨ੍ਹਾਂ ਦੀ ਕਿਰਤ ਲੁੱਟਦੀਆਂ ਹਨ ਅਤੇ ਨਾਲ ਹੀ ਆਪਣਾ ਮਾਲ ਵੇਚਣ ਵਾਸਤੇ ਔਰਤਾਂ ਨੂੰ ਇੱਕ ਵਸਤੂ ਵਜੋਂ ਪੇਸ਼ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਾਰਪੋਰੇਟਾਂ ਖ਼ਿਲਾਫ਼ ਸੰਘਰਸ਼ ਔਰਤ ਹੱਕਾਂ ਦੇ ਸੰਘਰਸ਼ ਦਾ ਜੁੜਵਾਂ ਹਿੱਸਾ ਹੈ। ਉਨ੍ਹਾਂ ਕਿਹਾ ਕਿ ਮਹਿਲਾ ਹੱਕਾਂ ਦੀ ਲਹਿਰ ਸਾਮਰਾਜਵਾਦ ਖ਼ਿਲਾਫ਼ ਕੌਮੀ ਮੁਕਤੀ ਲਹਿਰ ਦਾ ਅਹਿਮ ਅੰਗ ਬਣਦੀ ਹੈ ਅਤੇ ਜਗੀਰੂ ਲੁੱਟ-ਖਸੁੱਟ ਦੇ ਖ਼ਾਤਮੇ ਲਈ ਔਰਤਾਂ ਵੀ ਸੰਘਰਸ਼ ’ਚ ਸ਼ਾਮਲ ਹਨ।
ਬੁਲਾਰੀਆਂ ਨੇ ਕਿਹਾ ਕਿ ਮੌਜੂਦਾ ਫਾਸ਼ੀਵਾਦੀ ਹਕੂਮਤ ਔਰਤ ਹੱਕਾਂ ’ਤੇ ਪਹਿਲਾਂ ਨਾਲੋਂ ਜ਼ਿਆਦਾ ਤਿੱਖੇ ਹਮਲੇ ਕਰ ਰਹੀ ਹੈ। ਇਸ ਘੋਰ ਪਿਛਾਖੜੀ ਹਕੂਮਤ ਦਾ ਧਰਮ ਆਧਾਰਿਤ ਰਾਜ ਦਾ ਨਾਅਰਾ ਔਰਤਾਂ ਨੂੰ ਮੱਧਯੁਗੀ ਗ਼ੁਲਾਮੀ ਵੱਲ ਧੱਕਣ ਵਾਲਾ ਹੈ ਅਤੇ ਇਸ ਹੱਲੇ ਖ਼ਿਲਾਫ਼ ਔਰਤਾਂ ਨੂੰ ਸਮਾਜ ਦੇ ਹੋਰ ਤਬਕਿਆਂ ਜਿਵੇਂ ਦਲਿਤਾਂ, ਆਦਿਵਾਸੀਆਂ ਤੇ ਘੱਟ ਗਿਣਤੀਆਂ ਨਾਲ ਰਲ ਕੇ ਇਕਜੁੱਟ ਸੰਘਰਸ਼ ਕਰਨ ਦੀ ਲੋੜ ਹੈ।
ਟਿਕਰੀ ਬਾਰਡਰ ’ਤੇ ਮਰਹੂਮ ਪੰਜਾਬੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਧੀ ਨਵਸ਼ਰਨ ਕੌਰ ਨੇ ਮੁਲਕ ਦੇ ਇਤਿਹਾਸ ਅੰਦਰ ਲੋਕ ਸੰਘਰਸ਼ਾਂ ਵਿੱਚ ਔਰਤਾਂ ਦੇ ਯੋਗਦਾਨ ਦੀ ਚਰਚਾ ਕੀਤੀ। ਸਾਬਕਾ ਵਿਦਿਆਰਥਣ ਆਗੂ ਤੇ ਇਨਕਲਾਬੀ ਕਾਰਕੁਨ ਸ਼ਿਰੀਨ ਨੇ ਕਿਹਾ ਕਿ ਜਿਨ੍ਹਾਂ ਸਾਮਰਾਜੀ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਜਗਤ ਖ਼ਿਲਾਫ਼ ਕਿਸਾਨ ਸੰਘਰਸ਼ ਦਾ ਮੱਥਾ ਲੱਗਿਆ ਹੋਇਆ ਹੈ, ਉਸ ਦਾ ਔਰਤਾਂ ਨਾਲ ਵੀ ਘੋਰ ਦੁਸ਼ਮਣੀ ਵਾਲਾ ਰਿਸ਼ਤਾ ਵੀ ਹੈ।
ਟਿਕਰੀ ਨੇੜਲੇ ਮੈਟਰੋ ਸਟੇਸ਼ਨਾਂ ਦੇ ਗੇਟ ਬੰਦ
ਦਿੱਲੀ ਮੈਟਰੋ ਦੀ ਗਰੀਨ ਲਾਈਨ ’ਤੇ ਟਿਕਰੀ ਕਲਾਂ ਤੋਂ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਸੈਕਸ਼ਨ ਤਕ ਮੈਟਰੋ ਸਟੇਸ਼ਨਾਂ ’ਤੇ ਦਾਖ਼ਲਾ ਤੇ ਨਿਕਾਸ ਗੇਟ ਬੰਦ ਕਰ ਦਿੱਤੇ ਗਏ ਹਨ। ਡੀਐੱਮਆਰਸੀ ਨੇ ਇਹ ਜਾਣਕਾਰੀ ਦਿੱਤੀ ਹੈ। ਟਿਕਰੀ ਹੱਦ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਜਾਰੀ ਕਿਸਾਨ ਅੰਦੋਲਨ ਦੇ ਮੁੱਖ ਸਥਾਨਾਂ ਵਿੱਚੋਂ ਇੱਕ ਹੈ। ਡੀਐੱਮਆਰਸੀ ਨੇ ਟਵੀਟ ਕੀਤਾ, ‘ਸੁਰੱਖਿਆ ਜਾਣਕਾਰੀ: ਗਰੀਨ ਲਾਈਨ ’ਤੇ ਟਿਕਰੀ ਕਲਾਂ ਤੋਂ ਬ੍ਰਿਗੇਡੀਅਰ ਹੁਸ਼ਿਆਰ ਸਿੰਘ ਸਟੇਸ਼ਨਾਂ ’ਤੇ ਦਾਖ਼ਲਾ/ਨਿਕਾਸ ਗੇਟ ਬੰਦ ਕਰ ਦਿੱਤੇ ਗਏ ਹਨ।’ ਇਨ੍ਹਾਂ ਦੋਵਾਂ ਸਟੇਸ਼ਨਾਂ ਵਿਚਕਾਰ ਟਿਕਰੀ ਹੱਦ, ਪੰਡਿਤ ਸ੍ਰੀ ਰਾਮ ਸ਼ਰਮਾ ਤੇ ਬਹਾਦੁਰਗੜ੍ਹ ਸਟੇਸ਼ਨ ਪੈਂਦੇ ਹਨ। -

Radio Mirchi