ਖੇਤੀ ਕਾਨੂੰਨਾਂ ’ਚ ਕੋਈ ਖਾਮੀ ਨਹੀਂ: ਤੋਮਰ

ਖੇਤੀ ਕਾਨੂੰਨਾਂ ’ਚ ਕੋਈ ਖਾਮੀ ਨਹੀਂ: ਤੋਮਰ

ਤਿੰਨੋਂ ਖੇਤੀ ਕਾਨੂੰਨਾਂ ਦੀ ਜ਼ੋਰਦਾਰ ਵਕਾਲਤ ਕਰਦਿਆਂ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਇਨ੍ਹਾਂ ’ਚ ਸੋਧ ਦੀ ਪੇਸ਼ਕਸ਼ ਦਾ ਮਤਲਬ ਇਹ ਨਹੀਂ ਕਿ ਕਾਨੂੰਨਾਂ ’ਚ ਕੋਈ ਖਾਮੀ ਹੈ। ਉਨ੍ਹਾਂ ਕਿਹਾ ਕਿ ਅੰਦੋਲਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਜਾਂ ਉਨ੍ਹਾਂ ਦੇ ਹਮਦਰਦੀ ਅਜੇ ਤੱਕ ਇਨ੍ਹਾਂ ਕਾਨੂੰਨਾਂ ਵਿੱਚ ਇਕ ਵੀ ਖਾਮੀ ਨੂੰ ਲੱਭਣ ਵਿੱਚ ਨਾਕਾਮ ਰਹੇ ਹਨ। ਰਾਜ ਸਭਾ ਵਿੱਚ ਅੱਜ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਦੌਰਾਨ ਹੋਈ ਬਹਿਸ ਦੌਰਾਨ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦਾ ਵਿਰੋਧ ਸਿਰਫ਼ ਇਕ ਸੂਬੇ ਤੱਕ ਸੀਮਤ ਹੈ ਅਤੇ ਕਿਸਾਨਾਂ ਨੂੰ ਕਾਨੂੰਨਾਂ ਖ਼ਿਲਾਫ਼ ਭੜਕਾਇਆ ਜਾ ਰਿਹਾ ਹੈ। 
ਉਨ੍ਹਾਂ ਦਾ ਸਿੱਧਾ ਇਸ਼ਾਰਾ ਪੰਜਾਬ ਵੱਲ ਸੀ। ਕਾਂਗਰਸ ਪਾਰਟੀ ਵੱਲੋਂ ਹੁਣੇ ਜਿਹੇ ਜਾਰੀ ਕੀਤੇ ਗਏ ਕਿਤਾਬਚੇ ਦਾ ਹਵਾਲਾ ਦਿੰਦਿਆਂ ਕੇਂਦਰੀ ਮੰਤਰੀ ਨੇ ਉਨ੍ਹਾਂ ਦੀ ਨੁਕਤਾਚੀਨੀ ਕਰਦਿਆਂ ਕਿਹਾ,‘‘ਦੁਨੀਆ ਜਾਨਤੀ ਹੈ ਪਾਨੀ ਸੇ ਖੇਤੀ ਹੋਤੀ ਹੈ। ਖੂਨ ਸੇ ਖੇਤੀ ਸਿਰਫ਼ ਕਾਂਗਰਸ ਹੀ ਕਰ ਸਕਤੀ ਹੈ, ਭਾਜਪਾ ਖੂਨ ਸੇ ਖੇਤੀ ਨਹੀਂ ਕਰ ਸਕਤੀ ਹੈ।’’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੇ  ਸਰਕਾਰ ਦੀ ਆਲੋਚਨਾ ਕਰਦਿਆਂ ਤਿੰਨੋਂ ਖੇਤੀ ਕਾਨੂੰਨਾਂ ਨੂੰ ‘ਕਾਲੇ ਕਾਨੂੰਨ’ ਕਰਾਰ ਦਿੱਤਾ ਹੈ। ‘ਮੈਂ ਦੋ ਮਹੀਨਿਆਂ ਤੋਂ ਕਿਸਾਨ ਜਥੇਬੰਦੀਆਂ ਤੋਂ ਪੁੱਛਦਾ ਆ ਰਿਹਾ ਹਾਂ ਕਿ ਕਾਨੂੰਨਾਂ ’ਚ ਕਾਲਾ ਕੀ ਹੈ ਤਾਂ ਜੋ ਉਸ ਨੂੰ ਸੁਧਾਰਿਆ ਜਾ ਸਕੇ। ਪਰ ਮੈਨੂੰ ਕੋਈ ਵੀ ਜਵਾਬ ਨਹੀਂ ਮਿਲਿਆ। ਵਿਰੋਧੀ ਧਿਰ ’ਚੋਂ ਵੀ ਕਿਸੇ ਨੇ ਵੀ ਕਾਨੂੰਨ ਦੀਆਂ ਉਨ੍ਹਾਂ ਮੱਦਾਂ ਦਾ ਜ਼ਿਕਰ ਨਹੀਂ ਕੀਤਾ ਹੈ ਜੋ ਕਿਸਾਨ ਵਿਰੋਧੀ ਹਨ।’ ਸ੍ਰੀ ਤੋਮਰ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਐੱਮਐੱਸਪੀ ਆਧਾਰਿਤ ਫ਼ਸਲਾਂ ਦੀ ਖ਼ਰੀਦ ਵਾਲੀ ਮੰਡੀ ਪ੍ਰਣਾਲੀ ਜਾਰੀ ਰੱਖਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਕਿਸਾਨਾਂ ਨੂੰ ਮੰਡੀਆਂ ਤੋਂ ਬਾਹਰ ਆਪਣੀ ਫ਼ਸਲ ਵੇਚਣ ਦੀ ਖੁੱਲ੍ਹ ਦਿੰਦੇ ਹਨ ਅਤੇ ਇਸ ’ਤੇ ਸੂਬਾ ਸਰਕਾਰਾਂ ਵਾਂਗ ਕੋਈ ਟੈਕਸ ਨਹੀਂ ਲੱਗੇਗਾ। ਖੇਤੀ ਮੰਤਰੀ ਨੇ ਕਿਸਾਨਾਂ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਤੋਂ ਪੁੱਛਿਆ,‘‘ਅੰਦੋਲਨ ਸੂਬਾ ਸਰਕਾਰ ਵੱਲੋਂ ਮੰਡੀਆਂ ’ਚ ਫ਼ਸਲ ਦੀ ਵਿਕਰੀ ’ਤੇ ਲਾਏ ਜਾਂਦੇ ਟੈਕਸ ਖ਼ਿਲਾਫ਼ ਹੋਣਾ ਚਾਹੀਦਾ ਸੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਅਜਿਹੇ ਟੈਕਸਾਂ ਤੋਂ ਛੁਟਕਾਰਾ ਦਿਵਾਉਣ ਵਾਲੀ ਪ੍ਰਣਾਲੀ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ।’’ ਉਨ੍ਹਾਂ ਕਿਹਾ ਕਿ ਪੰਜਾਬ ’ਚ ਵੱਖ ਨੇਮ ਹਨ ਜਿਥੇ ਆੜ੍ਹਤੀਆਂ ਨੂੰ ਕਮਿਸ਼ਨ ਮਿਲਦਾ ਹੈ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦਾ ਟੈਕਸਾਂ ਤੋਂ ਖਹਿੜਾ ਛੁਡਾਉਣ ਦਾ ਕੰਮ ਕੀਤਾ ਹੈ। ‘ਲੇਕਿਨ ਦੇਸ਼ ਮੇਂ ਉਲਟੀ ਗੰਗਾ ਬਹਿ ਰਹੀ ਹੈ।’ ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਦਾ ਸਨਮਾਨ ਕਰਦਿਆਂ ਉਨ੍ਹਾਂ ਨਾਲ ਕਈ ਗੇੜ ਦੀ ਗੱਲਬਾਤ ਕੀਤੀ ਪਰ ਮਸਲੇ ਦਾ ਹੱਲ ਨਹੀਂ ਨਿਕਲ ਸਕਿਆ। ਖੇਤੀ ਮੰਤਰੀ ਨੇ ਦਾਅਵਾ ਕੀਤਾ ਕਿ ਏਪੀਐੱਮਸੀ ਪ੍ਰਣਾਲੀ ਖ਼ਤਮ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਕਾਨੂੰਨਾਂ ’ਚ ਸੋਧ ਦੀ ਪੇਸ਼ਕਸ਼ ਕੀਤੇ ਜਾਣ ਦੇ ਬਾਵਜੂਦ ਕਿਸਾਨ ਅੰਦੋਲਨ ਕਰ ਰਹੇ ਹਨ। ‘ਇਕ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।’ ਇਸ ’ਤੇ ਕੁਝ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਿਰਫ਼ ਇਕ ਸੂਬੇ ਤੱਕ ਸੀਮਤ ਨਹੀਂ ਹੈ ਤਾਂ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਿਰਫ਼ ਇਕ ਸੂਬੇ ਦਾ ਹੀ ਮਸਲਾ ਹੈ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਭੜਕਾ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਇਹ ਕਾਨੂੰਨ ਲਾਗੂ ਹੋਣ ਨਾਲ ਉਨ੍ਹਾਂ ਦੇ ਖੇਤ ਖੋਹ ਲਏ ਜਾਣਗੇ। ‘ਕਿਰਪਾ ਕਰਕੇ ਤੁਸੀਂ ਮੈਨੂੰ ਐਕਟ ਦੀ ਇਕ ਵੀ ਮੱਦ ਬਾਰੇ ਦੱਸੋ ਜਿਸ ’ਚ ਕਾਰੋਬਾਰੀ ਕਿਸਾਨਾਂ ਤੋਂ ਜ਼ਮੀਨ ਖੋਹ ਕੇ ਲੈ ਜਾਣਗੇ। ਪਰ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਕਿ ਉਹ ਆਪਣੀ ਜ਼ਮੀਨ ਤੋਂ ਹੱਥ ਧੋ ਲੈਣਗੇ।’ ਰਾਜ ਸਭਾ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦੀ ਮਤੇ ’ਤੇ ਪਿਛਲੇ ਤਿੰਨ ਦਿਨਾਂ ਤੋਂ ਜਾਰੀ ਬਹਿਸ ਵਿੱਚ 25 ਪਾਰਟੀਆਂ ਦੇ 50 ਬੁਲਾਰਿਆਂ ਨੇ ਹਿੱਸਾ ਲਿਆ। ਇਸ ਚਰਚਾ ਵਿੱਚ ਭਾਜਪਾ ਦੇ 18, ਕਾਂਗਰਸ ਦੇ ਸੱਤ ਅਤੇ ਹੋਰ ਵਿਰੋਧੀ ਪਾਰਟੀਆਂ ਦੇ 25 ਸੰਸਦ ਮੈਂਬਰਾਂ ਨੇ ਹਿੱਸਾ ਲਿਆ। ਇਸੇ ਦੌਰਾਨ ਕਾਂਗਰਸ, ਸ਼ਿਵ ਸੈਨਾ, ਸ਼੍ਰੋਮਣੀ ਅਕਾਲੀ ਦਲ, ਰਾਸ਼ਟਰਵਾਦੀ ਕਾਂਗਰਸ ਪਾਰਟੀ, ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਤੇ ਖੱਬੀ ਪੱਖੀ ਪਾਰਟੀਆਂ ਵੱਲੋਂ ਤਿੰਨੋਂ ਨਵੇਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ। 

Radio Mirchi