ਖੇਤੀ ਖੇਤਰ ’ਚ ਰੁਜ਼ਗਾਰ ਦੀ ਖੜੋਤ ਤੋੜਨ ਦੀ ਲੋੜ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਰਾਜ ਸਲਾਹਕਾਰ ਕੌਂਸਲ (ਪੀਐੱਸਏਸੀ) ਨੂੰ ਖੇਤੀਬਾੜੀ ਅਤੇ ਇਸ ਨਾਲ ਸਬੰਧਤ ਖੇਤਰਾਂ ਉੱਤੇ ਧਿਆਨ ਕੇਂਦਰਤ ਕਰਨ ਲਈ ਕਿਹਾ ਹੈ ਤਾਂ ਜੋ ਖੇਤੀ ਆਧਾਰਤ ਅਰਥਚਾਰੇ ਨੂੰ ਹੋਰ ਪ੍ਰਫੁੱਲਿਤ ਕੀਤਾ ਜਾ ਸਕੇ। ਇੱਥੇ ਪੀਐੱਸਏਸੀ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਚੰਗੀ ਕਾਰਜਮੁਖੀ ਨੀਤੀ ਤਿਆਰ ਕਰਨ ਦੀ ਲੋੜ ਦੀ ਵਕਾਲਤ ਕੀਤੀ ਤਾਂ ਜੋ ਫਾਰਮਾ, ਆਈਟੀ, ਆਟੋ ਖੇਤਰਾਂ ਵਿਚ ਵੱਡੇ ਨਿਵੇਸ਼ਕਾਂ ਨੂੰ ਖਿੱਚਿਆ ਜਾ ਸਕੇ। ਸੂਬੇ ਵਿਚ ਉਦਯੋਗਿਕ ਵਿਕਾਸ ਅਤੇ ਰਵਾਇਤੀ ਢੰਗਾਂ ਦੀ ਖੇਤੀ ਕਰਨ ਕਾਰਨ ਖੇਤੀਬਾੜੀ ਖੇਤਰ ਵਿਚ ਆਈ ਰੁਜ਼ਗਾਰ ਦੀ ਖੜੋਤ ਦੇ ਮੱਦੇਨਜ਼ਰ ਨੌਜਵਾਨਾਂ ਲਈ ਹੋਰ ਖੇਤਰਾਂ ’ਚ ਰੁਜ਼ਗਾਰ ਦੇ ਮੌਕੇ ਤਲਾਸ਼ਣ ਉੱਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੜਾਅਵਾਰ ਵਿਭਿੰਨਤਾ ਲਈ ਸਮਾਂ-ਬੱਧ ਕਾਰਜ ਯੋਜਨਾਵਾਂ ਅਖ਼ਤਿਆਰ ਕਰਨਾ ਸਮੇਂ ਦੀ ਮੰਗ ਹੈ। ਉਨ੍ਹਾਂ ਨੇ ਮਾਹਿਰਾਂ ਨੂੰ ਆਪਣੇ ਤਜਰਬੇ ਅਤੇ ਮੁਹਾਰਤ ਵਰਤ ਕੇ ਸੂਬਾ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਤਾਂ ਜੋ ਪ੍ਰਸ਼ਾਸਕੀ ਸੁਧਾਰਾਂ ਹਿੱਤ ਤਿਆਰ ਕੀਤੀ ਸੁਚੱਜੀ ਰੂਪ-ਰੇਖਾ ਲਾਗੂ ਕਰਨ ਲਈ ਸਰਕਾਰ ਅਤੇ ਨਾਗਰਿਕਾਂ ਦੀ ਸ਼ਮੂਲੀਅਤ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਨੇ ਨੌਜਵਾਨੀ ਨੂੰ ਤਰੱਕੀ ਦੀਆਂ ਲੀਹਾਂ ’ਤੇ ਪਾਉਣ ਲਈ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਅਤੇ ਸਿੱਖਿਆ ਪ੍ਰਣਾਲੀ ਵਿਚ ਸੁਧਾਰ ਕਰਨ ਲਈ ਮੈਂਬਰਾਂ ਤੋਂ ਸੁਝਾਅ ਮੰਗੇ ਤਾਂ ਜੋ ਨੌਜਵਾਨਾਂ ਨੂੰ ਸੂਬੇ ਦੀ ਪ੍ਰਗਤੀ ਦਾ ਅਨਿੱਖੜਵਾਂ ਅੰਗ ਬਣਾਇਆ ਜਾ ਸਕੇ।
ਇਸ ਦੌਰਾਨ ਅਮਰੀਕਾ ਦੀ ਹੌਪਕਿਨਜ਼ ਯੂਨੀਵਰਸਿਟੀ ਤੋਂ ਪ੍ਰੋ. ਦਿਵੇਸ਼ ਕਪੂਰ ਨੇ ਸਰਕਾਰ ਨੂੰ ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਨੀਤੀ ਅਤੇ ਢਾਂਚਾਗਤ ਤਬਦੀਲੀਆਂ ਅਪਣਾਉਣ ਦੀ ਲੋੜ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਦੌਰਾਨ ਸਕੂਲੀ ਸਿੱਖਿਆ, ਖੇਤੀਬਾੜੀ, ਯੁਵਾ ਰੁਝੇਵਿਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੁੜੇ ਵੱਖ-ਵੱਖ ਪਹਿਲੂਆਂ ’ਤੇ ਵਿਚਾਰ ਚਰਚਾ ਕੀਤੀ ਗਈ। ਮੈਂਬਰਾਂ ਨੇ ਸੂਬੇ ਨੂੰ ਮੁੜ ਪੈਰਾਂ ’ਤੇ ਕਰਨ ਅਤੇ ਸੈਰ-ਸਪਾਟੇ ਨੂੰ ਪ੍ਰਫੁੱਲਿਤ ਕਰਨ ਸਬੰਧੀ ਸੰਭਾਵਨਾਵਾਂ ਦਾ ਲਾਭ ਉਠਾਉਣ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਮੀਟਿੰਗ ਵਿਚ ਰਾਵੀ ਵੈਂਕਟੇਸ਼ਨ, ਟੀ. ਨੰਦਾ ਕੁਮਾਰ, ਯਾਮਿਨੀ ਅਈਅਰ ਅਤੇ ਡਾ. ਗਿਆਨੇਂਦਰਾ ਬਡਗਿਆਨ ਤੋਂ ਇਲਾਵਾ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਧੀਕ ਮੁੱਖ ਸਕੱਤਰ ਪ੍ਰਸ਼ਾਸਕੀ ਸੁਧਾਰ ਵਿਨੀ ਮਹਾਜਨ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿਸ਼ੇਸ਼ ਸਕੱਤਰ ਪ੍ਰਸ਼ਾਸਕੀ ਸੁਧਾਰ ਰਵੀ ਭਗਤ ਤੇ ਡਾਇਰੈਕਟਰ ਪ੍ਰਸ਼ਾਸਕੀ ਸੁਧਾਰ ਪਰਮਿੰਦਰ ਪਾਲ ਸਿੰਘ ਹਾਜ਼ਰ ਸਨ।