ਖੇਤੀ ਦਾ ਆਧੁਨਿਕੀਕਰਨ ਸਮੇਂ ਦੀ ਲੋੜ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਖੇਤੀ ਖੇਤਰ ’ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ ਅਤੇ ਪਹਿਲਾਂ ਹੀ ਬਹੁਤ ਸਮਾਂ ਬਰਬਾਦ ਹੋ ਚੁੱਕਾ ਹੈ। ‘ਮਨ ਕੀ ਬਾਤ’ ਪ੍ਰੋਗਰਾਮ ’ਚ ਮੋਦੀ ਨੇ ਕੋਵਿਡ-19 ਖ਼ਿਲਾਫ਼ ਭਾਰਤ ’ਚ ਚਲਾਏ ਜਾ ਰਹੇ ਦੁਨੀਆ ਦੇ ਸਭ ਤੋਂ ਵੱਡੇ ਟੀਕਾਕਰਨ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ‘ਦਵਾਈ ਵੀ, ਕੜਾਈ ਵੀ’ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ’ਚ ਆਧੁਨਿਕ ਲੀਹਾਂ ਅਪਣਾਉਣਾ ਜ਼ਰੂਰੀ ਹੈ ਅਤੇ ਜੀਵਨ ਦੇ ਹਰ ਪੜਾਅ ’ਤੇ ਨਵਾਂਪਣ, ਆਧੁਨਿਕੀਕਰਨ ਲਾਜ਼ਮੀ ਹੈ।
ਪ੍ਰਧਾਨ ਮੰਤਰੀ ਨੇ ਮਨ ਦੀ ਬਾਤ ਦੀ 75ਵੀਂ ਕੜੀ ’ਚ ਕਿਹਾ, ‘ਭਾਰਤ ਦੇ ਖੇਤੀ ਖੇਤਰ ’ਚ ਆਧੁਨਿਕੀਕਰਨ ਸਮੇਂ ਦੀ ਲੋੜ ਹੈ। ਇਸ ’ਚ ਦੇਰੀ ਕੀਤੀ ਗਈ ਹੈ ਅਤੇ ਅਸੀਂ ਪਹਿਲਾਂ ਹੀ ਬਹੁਤ ਸਮਾਂ ਗੁਆ ਦਿੱਤਾ ਹੈ।’ ਉਨ੍ਹਾਂ ਕਿਹਾ, ‘ਖੇਤੀ ਖੇਤਰ ’ਚ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ, ਕਿਸਾਨਾਂ ਦੀ ਆਮਦਨ ਵਧਾਉਣ ਲਈ ਇਹ ਮਹੱਤਵਪੂਰਨ ਹੈ ਕਿ ਖੇਤੀ ਦੇ ਰਵਾਇਤੀ ਢੰਗਾਂ ਦੇ ਨਾਲ ਨਵੇਂ ਬਦਲਾਂ ਤੇ ਕਾਢਾਂ ਨੂੰ ਅਪਣਾਇਆ ਜਾਵੇ।’ ਉਨ੍ਹਾਂ ਕਿਹਾ ਕਿ ਦੇਸ਼ ਸਫੈਦ ਕ੍ਰਾਂਤੀ ਦੌਰਾਨ ਇਹ ਦੇਖਿਆ ਹੈ ਅਤੇ ਮਧੂ ਮੱਖੀ ਪਾਲਣ ਵੀ ਅਜਿਹੇ ਹੀ ਬਦਲ ਵਜੋਂ ਸਾਹਮਣੇ ਆ ਰਿਹਾ ਹੈ। ਪ੍ਰਧਾਨ ਮੰਤਰੀ ਨੇ ਖੇਤੀ ’ਚ ਆਧੁਨਿਕੀਕਰਨ ਦਾ ਸੱਦਾ ਅਜਿਹੇ ਸਮੇਂ ਦਿੱਤਾ ਹੈ ਜਦੋਂ ਸੈਂਕੜਿਆਂ ਦੀ ਗਿਣਤੀ ’ਚ ਕਿਸਾਨ ਤਿੰਨੋਂ ਨਵੇਂ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਪਿਛਲੇ ਸਾਲ ਨਵੰਬਰ ਤੋਂ ਦਿੱਲੀਆਂ ਦੀਆਂ ਹੱਦਾਂ ਗਾਜ਼ੀਪੁਰ, ਸਿੰਘੂ ਤੇ ਟਿਕਰੀ ’ਤੇ ਧਰਨੇ ਲਾ ਕੇ ਬੈਠੇ ਹੋਏ ਹਨ।
ਪ੍ਰਧਾਨ ਮੰਤਰੀ ਇਸ ਦੌਰਾਨ ਇਹ ਵੀ ਯਾਦ ਕੀਤਾ ਕਿ ਪਿਛਲੇ ਸਾਲ ਮਾਰਚ ਮਹੀਨੇ ਦੇਸ਼ ਨੇ ਪਹਿਲੀ ਵਾਰ ਜਨਤਾ ਕਰਫਿਊ ਦੇ ਬਾਰੇ ਸੁਣਿਆ ਸੀ। ਪ੍ਰਧਾਨ ਮੰਤਰੀ ਦੀ ਅਪੀਲ ’ਤੇ ਪਿਛਲੇ ਸਾਲ 22 ਮਾਰਚ ਨੂੰ ਜਨਤਾ ਕਰਫਿਊ ਲਾਇਆ ਗਿਆ ਸੀ। ਉਨ੍ਹਾਂ ਕਿਹਾ, ‘ਸ਼ੁਰੂਆਤ ਤੋਂ ਹੀ ਭਾਰਤ ਦੇ ਲੋਕਾਂ ਨੇ ਕੋਵਿਡ-19 ਖ਼ਿਲਾਫ਼ ਲੜਾਈ ਲੜੀ।’ ਉਨ੍ਹਾਂ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਟੀਕਾਕਰਨ ਪ੍ਰੋਗਰਾਮ ਭਾਰਤ ’ਚ ਚਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਡਾਂ ’ਚ ਭਾਰਤੀ ਖਿਡਾਰਨਾਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਉਨ੍ਹਾਂ ਕ੍ਰਿਕਟਰ ਮਿਤਾਲੀ ਰਾਜ ਤੇ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਦੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਮਨ ਕੀ ਬਾਤ ਦੀਆਂ 75 ਕੜੀਆਂ ਪੂਰੀਆਂ ਹੋਣ ’ਤੇ ਉਨ੍ਹਾਂ ਕਿਹਾ ਕਿ ਮਨ ਦੀ ਬਾਤ ਦੀਆਂ 75 ਕੜੀਆਂ ਅਜਿਹੇ ਸਮੇਂ ਪੂਰੀਆਂ ਹੋਈਆਂ ਜਦੋਂ ਦੇਸ਼ ਆਜ਼ਾਦੀ ਦੇ 75ਵੇਂ ਮੌਕੇ ‘ਅੰਮ੍ਰਿਤ ਮਹੋਤਸਵ’ ਮਨਾ ਰਿਹਾ ਹੈ।