ਗਡਕਰੀ ਨੇ ਬਲਦੀ ’ਤੇ ਤੇਲ ਪਾਇਆ: ਜਾਖੜ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਜਿਣਸਾਂ ਦੇ ਸਮਰਥਨ ਮੁੱਲ ਨੂੰ ਦੇਸ਼ ਦੀ ਆਰਥਿਕਤਾ ਲਈ ਖਤਰਾ ਦੱਸ ਕੇ ਬਲਦੀ ’ਤੇ ਤੇਲ ਪਾ ਦਿੱਤਾ ਹੈ। ਕਾਂਗਰਸ ਨੇ ਇਸ ਮਾਮਲੇ ’ਤੇ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰ ’ਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਵੰਗਾਰ ਪਾਈ ਹੈ ਕਿ ਉਹ ਕੇਂਦਰੀ ਵਜ਼ੀਰੀ ਦਾ ਮੋਹ ਤਿਆਗ ਕੇ ਕਿਸਾਨੀ ਦੇ ਹੱਕ ਵਿਚ ਡਟੇ। ਦੱਸਣਯੋਗ ਹੈ ਕਿ ਗਡਕਰੀ ਨੇ ਕੱਲ ਜਿਣਸਾਂ ਦੇ ਘੱਟੋ ਘੱਟ ਸਮਰਥਨ ਮੁੱਲ ਨੂੰ ਮੁਲਕ ਦੀ ਆਰਥਿਕਤਾ ਲਈ ਵੱਡਾ ਖਤਰਾ ਦੱਸਿਆ ਹੈ।
ਸ੍ਰੀ ਜਾਖੜ ਨੇ ਕਿਹਾ ਕਿ ਗਡਕਰੀ ਨੇ ਕੇਂਦਰ ਦਾ ਕੁਝ ਵੀ ਢੱਕਿਆ ਰਿੱਝਣ ਨਹੀਂ ਦਿੱਤਾ ਅਤੇ ਕੇਂਦਰੀ ਨੀਤੀ ਤੇ ਨੀਅਤ ਦਾ ਭਾਂਡਾ ਚੌਰਾਹੇ ’ਚ ਭੰਨ੍ਹ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਲਕ ਨੂੰ ਅਸਲ ਖਤਰਾ ਭਾਜਪਾ ਤੋਂ ਹੈ ਜਿਸ ਦੀਆਂ ਕਿਸਾਨ ਮਾਰੂ ਨੀਤੀਆਂ ਨੇ ਅਰਥਚਾਰੇ ਨੂੰ ਕੰਗਾਲ ਕਰ ਕੇ ਰੱਖ ਦਿੱਤਾ ਹੈ। ਕਾਂਗਰਸ ਪ੍ਰਧਾਨ ਨੇ ਕਿਹਾ,‘‘ਜਿਸ ਕਿਸਾਨ ਨੇ ਪਸੀਨਾ ਵਹਾ ਕੇ ਮੁਲਕ ਨੂੰ ਅਨਾਜ ਮਾਮਲੇ ’ਚ ਆਤਮ-ਨਿਰਭਰ ਬਣਾਇਆ, ਉਸ ਕਿਸਾਨੀ ਨੂੰ ਹੀ ਕੇਂਦਰ ਸਰਕਾਰ ਬੋਝ ਦੱਸ ਕੇ ਅਪਮਾਨ ਕਰ ਰਹੀ ਹੈ। ਕਾਂਗਰਸ ਪਾਰਟੀ ਪਹਿਲਾਂ ਹੀ ਕੇਂਦਰ ਦੀ ਕਿਸਾਨ ਵਿਰੋਧੀ ਨੀਤੀ ਬਾਰੇ ਰੌਲਾ ਪਾ ਰਹੀ ਸੀ। ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਦਾ ਕਾਂਗਰਸ ਡਟ ਕੇ ਵਿਰੋਧ ਕਰੇਗੀ।’’ ਇਸ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬਾਦਲਾਂ ਨੂੰ ਚੁਣੌਤੀ ਦਿੱਤੀ ਹੈ ਕਿ ਉਹ ਗਡਕਰੀ ਦੇ ਬਿਆਨ ਮਗਰੋਂ ਆਪਣੀ ਸਥਿਤੀ ਸਪੱਸ਼ਟ ਕਰਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਇਸ ਮੁੱਦੇ ’ਤੇ ਸਰਬ ਪਾਰਟੀ ਮੀਟਿੰਗ ਸੱਦਣ ਲਈ ਆਖਣਗੇ ਤਾਂ ਜੋ ਸਾਰੀਆਂ ਸਿਆਸੀ ਧਿਰਾਂ ਇਸ ਮਾਮਲੇ ’ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਵਾਸਤੇ ਜਾ ਸਕਣ। ਸ੍ਰੀ ਬਾਜਵਾ ਨੇ ਕਿਹਾ ਕਿ ਬਿਕਰਮ ਮਜੀਠੀਆ ਵੱਲੋਂ ਚਾਰ ਹਜ਼ਾਰ ਕਰੋੜ ਦੇ ਬੀਜ ਘੁਟਾਲੇ ਦਾ ਰੌਲਾ ਪਾਇਆ ਜਾ ਰਿਹਾ ਹੈ ਜਦੋਂ ਕਿ ਪੰਜਾਬ ਵਿਚ 350 ਕਰੋੜ ਦੇ ਬੀਜਾਂ ਦੀ ਵਿਕਰੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਦੱਸੇ ਕਿ ਇਹ ਅੰਕੜੇ ਕਿੱਥੋਂ ਆਏ ਹਨ।