ਗਿਆਰਾਂ ’ਵਰਸਿਟੀਆਂ ’ਚ ਸਥਾਪਿਤ ਹੋਵੇਗੀ ਗੁਰੂ ਨਾਨਕ ਚੇਅਰ

ਗਿਆਰਾਂ ’ਵਰਸਿਟੀਆਂ ’ਚ ਸਥਾਪਿਤ ਹੋਵੇਗੀ ਗੁਰੂ ਨਾਨਕ ਚੇਅਰ

ਕਪੂਰਥਲਾ-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਹਿਲੇ ਪਾਤਿਸ਼ਾਹ ਦੇ ਨਾਂ ’ਤੇ 11 ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਇਕ ’ਵਰਸਿਟੀ ਇਰਾਨ ਦੀ ਹੈ। ਜਦਕਿ ਸੱਤ ਪੰਜਾਬ ਦੀਆਂ ਤੇ 3 ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਹਨ। ਇਨ੍ਹਾਂ ਰਾਹੀਂ ਗੁਰੂ ਨਾਨਕ ਦੇਵ ਦੇ ਜੀਵਨ ਅਤੇ ਫ਼ਲਸਫ਼ੇ ਬਾਰੇ ਖੋਜ ਕੀਤੀ ਜਾਵੇਗੀ। ਪੰਜਾਬ ਤਕਨੀਕੀ ਯੂਨੀਵਰਸਿਟੀ ’ਚ ਅੱਜ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਦੇਸ਼-ਵਿਦੇਸ਼ ਦੀਆਂ 400 ਨਾਨਕ ਨਾਮਲੇਵਾ ਪੰਜਾਬੀ ਸ਼ਖ਼ਸੀਅਤਾਂ ਦਾ ਵੱਖੋ-ਵੱਖਰੇ ਖੇਤਰਾਂ ਵਿੱਚ ਯੋਗਦਾਨ ਲਈ ਸਨਮਾਨ ਵੀ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿ ਕੇ ਦੇਸ਼ ਅਤੇ ਸੂਬੇ ਦੀ ਬਿਹਤਰੀ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਨੌਜਵਾਨਾਂ ਨੂੰ ਅੱਗੇ ਵਧਣ ਦੇ ਮੌਕੇ ਮੁਹੱਈਆ ਕਰਵਾਉਣ ’ਚ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਲੀ ਪੀੜ੍ਹੀ ਨੂੰ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਅਤੇ ਬਾਣੀ ਨਾਲ ਜੋੜਨ ਦੇ ਯਤਨ ਕਰਨੇ ਚਾਹੀਦੇ ਹਨ। ਕੈਪਟਨ ਨੇ ਇਸ ਮੌਕੇ ਪਾਣੀ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਖ਼ਿਸਕਦਾ ਜਾ ਰਿਹਾ ਹੈ। ਇਸ ਦਾ ਹੱਲ ਲੱਭਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਵਾਤਾਵਰਨ ਪ੍ਰਦੂਸ਼ਣ ਤੋਂ ਬਚਾਅ ਲਈ ਝੋਨੇ ਦੀ ਪਰਾਲੀ ਸਾੜਨਾ ਬੰਦ ਕਰਨ ਸਬੰਧੀ ਇਕੱਠਿਆਂ ਹੋ ਕੇ ਹੰਭਲਾ ਮਾਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਮੁੱਖ ਮੰਤਰੀ ਵੱਲੋਂ ਦਲਬੀਰ ਸਿੰਘ ਪੰਨੂ ਦੀ ਕਿਤਾਬ ‘ਦਿ ਸਿੱਖ ਹੈਰੀਟੇਜ ਬਿਓਂਡ ਬਾਰਡਰ’ ਤੇ ਇਰਾਨੀ ਲੇਖਕ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਲਿਖੀ ਇਕ ਪੁਸਤਕ ਵੀ ਰਿਲੀਜ਼ ਕੀਤੀ ਗਈ। ਇਸ ਤੋਂ ਪਹਿਲਾ ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕਰਦਿਆਂ ਮਾਣ ਮਹਿਸੂਸ ਕਰਦੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਚੇਅਰ ਪੰਜਾਬੀ ਯੂਨੀਵਰਸਿਟੀ (ਪਟਿਆਲਾ), ਆਈਕੇ ਗੁਜਰਾਲ ਪੀਟੀਯੂ (ਕਪੂਰਥਲਾ), ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ (ਬਠਿੰਡਾ), ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਫਗਵਾੜਾ), ਚੰਡੀਗੜ੍ਹ ਯੂਨੀਵਰਸਿਟੀ (ਘੜੂੰਆਂ), ਚਿਤਕਾਰਾ ਯੂਨੀਵਰਸਿਟੀ (ਰਾਜਪੁਰਾ), ਅਕਾਲ ਯੂਨੀਵਰਸਿਟੀ (ਤਲਵੰਡੀ ਸਾਬੋ) ਤੋਂ ਇਲਾਵਾ ਆਈਟੀਐਮ ਯੂਨੀਵਰਸਿਟੀ (ਗਵਾਲੀਅਰ), ਆਰਡੀਕੇਐੱਫ ਯੂਨੀਵਰਸਿਟੀ (ਭੁਪਾਲ), ਜੇਆਈਐੱਸ ਯੂਨੀਵਰਸਿਟੀ (ਪੱਛਮੀ ਬੰਗਾਲ) ਅਤੇ ਯੂਨੀਵਰਸਿਟੀ ਆਫ਼ ਰਿਲੀਜਨ (ਇਰਾਨ) ਵਿਚ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਸੰਸਦ ਮੈਂਬਰ ਮਨੀਸ਼ ਤਿਵਾੜੀ, ਵਿਧਾਇਕ ਮੁਹੰਮਦ ਸਦੀਕ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਰਾਣਾ ਗੁਰਜੀਤ ਸਿੰਘ, ਸੁਸ਼ੀਲ ਕੁਮਾਰ ਰਿੰਕੂ, ਨਵਤੇਜ ਸਿੰਘ ਚੀਮਾ, ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਚੱਬੇਵਾਲ ਅਤੇ ਬ੍ਰਿਗੇਡੀਅਰ ਸੁਖਜੀਤ ਸਿੰਘ ਹਾਜ਼ਰ ਸਨ।

Radio Mirchi