ਗੁਰਤੇਜ ਸਿੰਘ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਗੁਰਤੇਜ ਸਿੰਘ ਤੇ ਹੋਰ ਸ਼ਹੀਦਾਂ ਨੂੰ ਸ਼ਰਧਾਂਜਲੀਆਂ

ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਫੌਜੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਫੌਜੀ ਗੁਰਤੇਜ ਸਿੰਘ ਅਤੇ ਹੋਰ ਸ਼ਹੀਦ ਫੌਜੀਆਂ ਨਮਿਤ ਅਖੰਡ ਪਾਠ ਦੇ ਭੋਗ ਤਖਤ ਸ੍ਰੀ ਹਜ਼ੂਰ ਸਾਹਿਬ ਵਿੱਚ ਪਾਏ ਗਏ। ਇਸ ਦੌਰਾਨ ਪ੍ਰਬੰਧਕਾਂ ਨੇ ਗੁਰਤੇਜ ਸਿੰਘ ਵੱਲੋਂ ਦਿਖਾਈ ਬਹਾਦਰੀ ਲਈ ਉਸ ਦੇ ਪਰਿਵਾਰ ਨੂੰ 11 ਲੱਖ ਰੁਪਏ ਦੀ ਮਾਇਕ ਮਦਦ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਬੰਧਕੀ ਬੋਰਡ ਦੇ ਅਧਿਕਾਰੀ ਗੁਰਵਿੰਦ ਸਿੰਘ ਵਧਵਾ ਨੇ ਕਿਹਾ ਕਿ ਭਾਰਤੀ ਫੌਜੀ ਗੁਰਤੇਜ ਸਿੰਘ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਚੀਨ ਦੇ 20 ਫੌਜੀਆਂ ਨੂੰ ਮਾਰਿਆ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ, ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਤੇ ਹੋਰ ਸੰਗਤ ਵੱਲੋਂ ਅਖੰਡ ਪਾਠ ਅਾਰੰਭ ਕਰਵਾਇਆ ਗਿਆ ਸੀ, ਜਿਸ ਦੇ ਭੋਗ ਪਾਏ ਗਏ ਹਨ। ਗੁਰਤੇਜ ਸਿੰਘ ਪੰਜਾਬ ਦੀ ਬੁਢਲਾਡਾ ਤਹਿਸੀਲ ਦੇ ਇਕ ਪਿੰਡ ਦਾ ਰਹਿਣ ਵਾਲਾ ਸੀ। ਪ੍ਰਬੰਧਕਾਂ ਨੇ ਦੱਸਿਆ ਕਿ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਨੂੰ ਬੋਰਡ ਵੱਲੋਂ 11 ਲੱਖ ਰੁਪਏ ਦੀ ਆਰਥਿਕ ਮਦਦ ਦੇ ਕੇ ਸਨਮਾਨਤ ਕੀਤਾ ਗਿਆ ਹੈ। ਇਸ ਸਬੰਧੀ ਚੈੱਕ ਬੋਰਡ ਦੇ ਸਕੱਤਰ ਰਵਿੰਦਰ ਸਿੰਘ ਬੁੰਗਈ ਅਤੇ ਪਰਮਜੋਤ ਸਿੰਘ ਚਾਹਲ ਵੱਲੋਂ ਸ਼ਹੀਦ ਦੇ ਪਿੰਡ ਜਾ ਕੇ ਉਸ ਦੇ ਪਰਿਵਾਰ ਨੂੰ ਸੌਂਪਿਆ ਗਿਆ ਹੈ। ਇਹ ਚੈੱਕ ਸ਼ਹੀਦ ਦੀ ਦਾਦੀ, ਪਿਤਾ ਵਿਰਸਾ ਸਿੰਘ, ਮਾਂ ਪ੍ਰਕਾਸ਼ ਕੌਰ ਤੇ ਹੋਰ ਮੈਂਬਰਾਂ ਨੂੰ ਸੌਂਪਿਆ ਗਿਆ।

Radio Mirchi