ਗੂਗਲ ਵੱਲੋਂ ਆਸਟ੍ਰੇਲੀਆ ਨੂੰ ਮੁਫਤ ਸਰਚ ਸੇਵਾ ਬੰਦ ਕਰਨ ਦੀ ਚੇਤਾਵਨੀ
ਕੈਨਬਰਾ : ਗੂਗਲ ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਤੋਂ ਮੁਫਤ ਸਰਚ ਸੇਵਾਵਾਂ ਨੂੰ ਵਾਪਸ ਲਿਆ ਜਾ ਸਕਦਾ ਹੈ। ਆਸਟ੍ਰੇਲੀਆ ਸਰਕਾਰ ਗੂਗਲ ਤੋਂ ਸਮਾਚਾਰ ਸਮੱਗਰੀ ਦੇ ਲਈ ਭੁਗਤਾਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਇਸੇ ਦੀ ਪ੍ਰਤੀਕਿਰਿਆ ਵਿਚ ਗੂਗਲ ਨੇ ਸੋਮਵਾਰ ਨੂੰ ਇਹ ਕਦਮ ਚੁੱਕਣ ਦੀ ਚੇਤਾਵਨੀ ਦਿੱਤੀ ਹੈ।
ਅਮਰੀਕਾ ਦੀ ਕੰਪਨੀ ਨੇ ਆਸਟ੍ਰੇਲੀਆ ਦੇ ਲੋਕਾਂ ਨੂੰ 'ਖੁੱਲ੍ਹੇ ਪੱਤਰ' ਵਿਚ ਇਹ ਚੇਤਾਵਨੀ ਦਿੱਤੀ। ਆਸਟ੍ਰੇਲੀਆ ਇਕ ਕਾਨੂੰਨ ਦੇ ਡਰਾਫਟ 'ਤੇ ਕੰਮ ਕਰ ਰਿਹਾ ਹੈ ਜਿਸ ਦੇ ਤਹਿਤ ਗੂਗਲ ਅਤੇ ਫੇਸਬੁੱਕ ਦੋਹਾਂ ਨੂੰ ਵਪਾਰਕ ਮੀਡੀਆ ਕੰਪਨੀਆਂ ਤੋਂ ਲਈਆਂ ਗਈਆਂ ਸਮਾਚਾਰ ਸਮੱਗਰੀਆਂ ਦੇ ਲਈ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਕਾਨੂੰਨ 'ਤੇ ਜਨਤਕ ਵਿਚਾਰ-ਵਟਾਂਦਰੇ ਦੀ ਪ੍ਰਕਿਰਿਆ ਇਕ ਹਫਤੇ ਵਿਚ ਪੂਰੀ ਹੋਣੀ ਹੈ।
ਗੂਗਲ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਬੰਧ ਨਿਦੇਸ਼ਕ ਮੇਲ ਸਿਲਵਾ ਨੇ ਪੱਤਰ ਵਿਚ ਕਿਹਾ ਹੈ,''ਇਸ ਪ੍ਰਸਤਾਵਿਤ ਕਾਨੂੰਨ ਦੇ ਕਾਰਨ ਸਾਨੂੰ ਤੁਹਾਨੂੰ ਕਾਫੀ ਖਰਾਬ ਗੂਗਲ ਸਰਚ ਅਤੇ ਯੂ-ਟਿਊਬ ਉਪਲਬਧ ਕਰਾਉਣ ਲਈ ਮਜਬੂਰ ਹੋਣਾ ਪਵੇਗਾ। ਨਾਲ ਹੀ ਪ੍ਰਯੋਗਕਰਤਾਵਾਂ ਦਾ ਡਾਟਾ ਵੱਡੀਆਂ ਸਮਾਚਾਰ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ। ਇਸ ਦੇ ਇਲਾਵਾ ਆਸਟ੍ਰੇਲੀਆ ਵਿਚ ਤੁਹਾਨੂੰ ਗੂਗਲ ਸਰਚ ਦੀ ਮੁਫਤ ਸਹੂਲਤ ਵੀ ਗਵਾਉਣੀ ਪੈ ਸਕਦੀ ਹੈ।''