ਗੂੰਗੇ ਬੋਲੇ ਬੱਚਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ

ਗੂੰਗੇ ਬੋਲੇ ਬੱਚਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿੱਚੀ

ਬਠਿੰਡਾ-ਬਠਿੰਡਾ ਪ੍ਰਸ਼ਾਸਨ ਨੇ ਗੁਜਰਾਤੀ ਕੰਪਨੀ ਦੇ ਪ੍ਰੋਜੈਕਟ ਲਈ ਗੂੰਗੇ ਬੋਲੇ ਬੱਚਿਆਂ ਦੇ ਸਕੂਲ ਕੈਂਪਸ ’ਤੇ ਹਥੌੜਾ ਚਲਾ ਦਿੱਤਾ ਹੈ। ਬਠਿੰਡਾ-ਅੰਮ੍ਰਿਤਸਰ ਕੌਮੀ ਸ਼ਾਹਰਾਹ ’ਤੇ ਰੈੱਡ ਕਰਾਸ ਬਠਿੰਡਾ ਵੱਲੋਂ 1999 ਵਿੱਚ ਗੂੰਗੇ ਬੋਲੇ ਬੱਚਿਆਂ ਦਾ ਸਕੂਲ ਬਣਾਇਆ ਗਿਆ ਸੀ, ਜੋ ਪੰਜਾਬ ਦਾ ਸਭ ਤੋਂ ਵੱਡਾ ਸਕੂਲ ਹੈ। ਮਹੰਤ ਗੁਰਬੰਤਾ ਦਾਸ ਨੇ ਇਸ ਸਕੂਲ ਖਾਤਰ ਕਰੀਬ 10 ਏਕੜ ਜ਼ਮੀਨ ਦਾਨ ਦਿੱਤੀ ਸੀ, ਜਿਸ ’ਤੇ ਇੱਕ ਪਾਸੇ ਪੈਲੇਸ ਬਣਾਇਆ ਗਿਆ ਤਾਂ ਜੋ ਸਕੂਲ ਲਈ ਆਮਦਨੀ ਹੋ ਸਕੇ। ਮੁੱਖ ਸੜਕ ’ਤੇ ਸਕੂਲ ਕੈਂਪਸ ਦੀ ਮੁੱਖ ਇਮਾਰਤ ਦੇ ਐਨ ਅੱਗੇ ਗੁਜਰਾਤੀ ਕੰਪਨੀ ਲਈ ਇੱਕ ਏਕੜ ਜਗ੍ਹਾ ਦਿੱਤੀ ਗਈ ਹੈ। ਲੋਕ ਪੱਖੀ ਧਿਰਾਂ ਨੇ ਇਸ ਸਰਕਾਰੀ ਪੇਸ਼ਕਦਮੀ ਦਾ ਵਿਰੋਧ ਕੀਤਾ ਹੈ। ਜਾਣਕਾਰੀ ਅਨੁਸਾਰ ਗੂੰਗੇ ਬੋਲੇ ਬੱਚਿਆਂ ਦੇ ਇਸ ਸਕੂਲ ਵਿਚ ਕਰੀਬ 170 ਬੱਚੇ ਪੜ੍ਹ ਰਹੇ ਹਨ ਅਤੇ ਦਸ ਵਰ੍ਹਿਆਂ ਤੋਂ ਦਸਵੀਂ ਕਲਾਸ ਦੇ ਸਾਰੇ ਬੱਚੇ ਫਸਟ ਡਿਵੀਜ਼ਨਾਂ ਵਿੱਚ ਪਾਸ ਹੋ ਰਹੇ ਹਨ। ਸਕੂਲ ਦੇ ਮੁੱਖ ਗੇਟ ਦੇ ਨਾਲ ਹੀ ਕੈਂਪਸ ਅੰਦਰ ਮੁੱਖ ਇਮਾਰਤ ਦੇ ਅੱਗੇ ਖੇਡ ਮੈਦਾਨ ਹੈ, ਜਿਸ ਦੀ ਹੁਣ ਬਲੀ ਦਿੱਤੀ ਗਈ ਹੈ। ਰੈੱਡ ਕਰਾਸ ਬਠਿੰਡਾ ਨੇ ‘ਗੁਜਰਾਤ ਪੈਟਰੋਨੈੱਟ ਲਿਮਟਿਡ’ ਨੂੰ ਸਕੂਲ ਕੈਂਪਸ ਦੀ ਕਰੀਬ ਇੱਕ ਏਕੜ ਜਗ੍ਹਾ ਕੁਦਰਤੀ ਗੈਸ ਪ੍ਰੋਜੈਕਟ ਵਾਸਤੇ ਦਿੱਤੀ ਹੈ ਜਿਸ ਨੇ ਸ਼ਹਿਰ ਵਿੱਚ ਪਾਈਪਿੰਗ ਵਿਛਾਉਣ ਦਾ ਕੰਮ ਕਰਨਾ ਹੈ। ਰੈੱਡ ਕਰਾਸ ਨੇ ਇਹ ਜ਼ਮੀਨ 29 ਵਰ੍ਹਿਆਂ ਲਈ ਲੀਜ਼ ’ਤੇ ਦਿੱਤੀ ਹੈ। ਕੰਪਨੀ ਪ੍ਰਤੀ ਮਹੀਨਾ 1.80 ਲੱਖ ਰੁਪਏ ਲੀਜ਼ ਮਨੀ ਦੇਵੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਐਚ.ਸੀ.ਅਰੋੜਾ ਆਖਦੇ ਹਨ ਕਿ ਜਿਸ ਮਕਸਦ ਲਈ ਇਹ ਜਗ੍ਹਾ ਦਾਨ ਵਜੋਂ ਦਿੱਤੀ ਗਈ ਸੀ, ਉਸ ਮਕਸਦ ਤੋਂ ਬਾਹਰ ਜਾ ਕੇ ਕਿਸੇ ਵੀ ਪ੍ਰੋਜੈਕਟ ਨੂੰ ਜੇਕਰ ਜਗ੍ਹਾ ਦਿੱਤੀ ਜਾਂਦੀ ਹੈ ਤਾਂ ਉਹ ਗ਼ੈਰਕਨੂੰਨੀ ਹੈ। ਸੂਤਰ ਆਖਦੇ ਹਨ ਕਿ ਸਕੂਲ ਲਈ ਇਹ ਜਗ੍ਹਾ ਦਾਨ ਕਰਨ ਵਾਲੇ ਵਿਅਕਤੀ ਤੋਂ ਇਸ ਲਈ ਕੋਈ ਸਹਿਮਤੀ ਵੀ ਨਹੀਂ ਲਈ ਗਈ ਹੈ। ਗੁਜਰਾਤੀ ਕੰਪਨੀ ਨੇ ਪ੍ਰੋਜੈਕਟ ਸਾਈਟ ’ਤੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਲਦੀ ਹੀ ਬਹੁਮੰਜ਼ਿਲੀ ਇਮਾਰਤ ਖੜ੍ਹੀ ਹੋ ਜਾਣੀ ਹੈ। ਇਸ ਨਾਲ ਜਿੱਥੇ ਸਕੂਲ ਦੀ ਦਿੱਖ ਨੂੰ ਸੱਟ ਵੱਜੀ ਹੈ, ਉਥੇ ਪ੍ਰਾਈਵੇਟ ਪ੍ਰੋਜੈਕਟ ਸਕੂਲ ਵਿਚ ਹੋਣ ਕਰਕੇ ਸਕੂਲ ਦਾ ਮਾਹੌਲ ਵੀ ਪ੍ਰਭਾਵਿਤ ਹੋਵੇਗਾ।

Radio Mirchi