ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜਿਆ
ਮੁਹਾਲੀ ਪੁਲੀਸ ਨੇ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ’ਤੇ ਪਿਛਲੇ ਸਾਲ ਵਿਸਾਖੀ ਵਾਲੀ ਰਾਤ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਅੱਜ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਦੀ ਗ੍ਰਿਫ਼ਤਾਰੀ ਪਾਈ ਹੈ। ਅਰਮੀਨੀਆ ਤੋਂ ਗ੍ਰਿਫ਼ਤਾਰ ਗੈਂਗਸਟਰ ਬੁੱਢਾ ਦੀ ਦਿੱਲੀ ਹਵਾਈ ਅੱਡੇ ’ਤੇ ਸਪੁਰਦਗੀ ਮਿਲਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਲਿਆਂਦਾ ਗਿਆ। ਉਸ ਨੂੰ ਸ਼ਾਮ ਵੇਲੇ ਅਦਾਲਤ ’ਚ ਪੇਸ਼ ਕੀਤਾ ਗਿਆ ਜਿਥੋਂ ਸੁਖਪ੍ਰੀਤ ਬੁੱਢਾ ਨੂੰ 7 ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਜਾਣਕਾਰੀ ਅਨੁਸਾਰ ਸੀਨੀਅਰ ਪੁਲੀਸ ਅਧਿਕਾਰੀਆਂ ਨੇ ਉਸ ਕੋਲੋਂ ਸਥਾਨਕ ਫੇਜ਼-1 ਦੇ ਥਾਣੇ ਵਿੱਚ ਲੰਮੀ ਪੁੱਛ-ਗਿੱਛ ਵੀ ਕੀਤੀ। ਅੱਜ ਸ਼ਾਮ ਮੁਹਾਲੀ ਦੇ ਐੱਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐੱਸਪੀ (ਡੀ) ਬਿਕਰਮਜੀਤ ਸਿੰਘ ਬਰਾੜ, ਥਾਣਾ ਫੇਜ਼-1 ਦੇ ਐੱਸਐੱਚਓ ਲਖਵਿੰਦਰ ਸਿੰਘ ਅਤੇ ਸਨਅਤੀ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਬਲਜਿੰਦਰ ਸਿੰਘ ਮੰਡ ਨੇ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਮੁਹਾਲੀ ਦੀ ਡਿਊਟੀ ਮੈਜਿਸਟਰੇਟ ਹਰਜਿੰਦਰ ਕੌਰ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲੀਸ ਨੇ ਸਰਕਾਰੀ ਵਕੀਲ ਰਾਹੀਂ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮੁਲਜ਼ਮ ਦੇ 10 ਦਿਨਾਂ ਰਿਮਾਂਡ ਦੀ ਮੰਗ ਕੀਤੀ। ਪੁਲੀਸ ਨੇ ਦਲੀਲ ਦਿੱਤੀ ਕਿ ਗੈਂਗਸਟਰ ਸੁਖਪ੍ਰੀਤ ਤੋਂ ਗਾਇਕ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ, ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ, ਹੋਰਨਾਂ ਗਾਇਕਾਂ ਅਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਦੀ ਪੜਤਾਲ ਕਰਨੀ ਹੈ। ਇਹ ਵੀ ਪਤਾ ਲਗਾਉਣਾ ਹੈ ਕਿ ਫਿਰੌਤੀ ਦੀ ਰਾਸ਼ੀ ਵਸੂਲਣ ਲਈ ਕੌਣ ਕੌਣ ਲੋਕ ਉਸ ਲਈ ਕੰਮ ਕਰਦੇ ਸੀ। ਮੁਲਜ਼ਮ ਦੇ ਬਾਹਰਲੇ ਮੁਲਕਾਂ ਅਤੇ ਗੁਆਂਢੀ ਸੂਬਿਆਂ ਵਿੱਚ ਖੂੰਖਾਰ ਅਪਰਾਧੀਆਂ ਨਾਲ ਤਾਰ ਜੁੜੇ ਹੋਣ ਅਤੇ ਮੌਜੂਦਾ ਸਮੇਂ ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਗਰੋਹ ਦੇ ਮੁਖੀ ਵਜੋਂ ਵਿਚਰਨ ਬਾਰੇ ਵੀ ਪੁੱਛ-ਗਿੱਛ ਕਰਨ ਦਾ ਹਵਾਲਾ ਦਿੱਤਾ। ਅਦਾਲਤ ਨੇ ਸਰਕਾਰੀ ਵਕੀਲ ਦੀਆਂ ਦਲੀਲਾਂ ’ਤੇ ਗੌਰ ਕਰਦਿਆਂ ਮੁਲਜ਼ਮ ਨੂੰ ਸੱਤ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਉਸ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਮੁਲਜ਼ਮ ਨੂੰ 30 ਨਵੰਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਸ ਖ਼ਿਲਾਫ਼ ਕਤਲ, ਇਰਾਦਾ-ਏ-ਕਤਲ, ਜਬਰ-ਜਨਾਹ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਸਮੇਤ ਹੋਰ ਵੱਖ ਵੱਖ ਧਾਰਾਵਾਂ ਤਹਿਤ ਲਗਭਗ ਡੇਢ ਦਰਜਨ ਤੋਂ ਵੱਧ ਅਪਰਾਧਕ ਕੇਸ ਦਰਜ ਹਨ। ਸੁਖਪ੍ਰੀਤ ਬੁੱਢਾ ਹਾਲ ਹੀ ਵਿੱਚ ਗਰਮ ਖਿਆਲੀਆਂ ਨਾਲ ਨੇੜਤਾ ਕਰਕੇ ਸੁਰਖੀਆਂ ਵਿੱਚ ਆਇਆ ਸੀ ਅਤੇ ਉਸ ਵੱਲੋਂ ਖਾਲਿਸਤਾਨ ਪੱਖੀ ਮੁਹਿੰਮ ਚਲਾਉਣ ਦੀ ਯੋਜਨਾ ਸੀ। ਉਸ ਨੇ ਬੇਅਦਬੀ ਮਾਮਲੇ ਵਿੱਚ ਨਾਭਾ ਜੇਲ੍ਹ ਵਿੱਚ ਬੰਦ ਡੇਰਾ ਸਿਰਸਾ ਦੇ ਕਾਰਕੁਨ ਮਹਿੰਦਰਪਾਲ ਬਿੱਟੂ ਦੇ ਖਾਤਮੇ ਦੀ ਆਪਣੇ ਫੇਸਬੁੱਕ ਅਕਾਊਂਟ ’ਤੇ ਜ਼ਿੰਮੇਵਾਰੀ ਲਈ ਸੀ। ਬੁੱਢਾ ਨੂੰ ਸਾਲ 2011 ਦੇ ਕਤਲ ਕੇਸ ਵਿੱਚ ਦੋਸ਼ੀ ਐਲਾਨਿਆ ਗਿਆ ਸੀ ਪਰ 5 ਸਾਲ ਮਗਰੋਂ 2016 ਵਿੱਚ ਪੈਰੋਲ ਉਲੰਘਣ ਮਗਰੋਂ ਉਸ ਨੂੰ ਭਗੌੜਾ ਗਰਦਾਨਿਆ ਗਿਆ ਸੀ।