ਗੋਗੋਈ ਦੀ ਰਾਜ ਸਭਾ ਮੈਂਬਰੀ ਰੋਕਣ ਲਈ ਮਧੂ ਕਿਸ਼ਵਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼

ਗੋਗੋਈ ਦੀ ਰਾਜ ਸਭਾ ਮੈਂਬਰੀ ਰੋਕਣ ਲਈ ਮਧੂ ਕਿਸ਼ਵਰ ਵੱਲੋਂ ਸੁਪਰੀਮ ਕੋਰਟ ਦਾ ਰੁਖ਼

ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤੇ ਜਾਣ ’ਤੇ ਰੋਕ ਲਗਾਉਣ ਲਈ ਮਨੁੱਖੀ ਅਧਿਕਾਰ ਸੰਸਥਾ ‘ਮਾਨੁਸ਼ੀ’ ਦੀ ਬਾਨੀ ਮਧੂ ਕਿਸ਼ਵਰ ਨੇ ਸੁਪਰੀਮ ਕੋਰਟ ’ਚ ਅੱਜ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਹੈ। ਪਟੀਸ਼ਨ ’ਚ ਕਿਸ਼ਵਰ ਨੇ ਕਿਹਾ ਕਿ ਉਹ ਜਸਟਿਸ ਗੋਗੋਈ ਨੂੰ ਰਾਜ ਸਭਾ ਮੈਂਬਰ ਨਿਯੁਕਤ ਕਰਨ ਤੋਂ ਦੁਖੀ ਹੈ ਕਿਉਂਕਿ ਇਸ ਫ਼ੈਸਲੇ ਨਾਲ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਭਰੋਸੇਯੋਗਤਾ ’ਤੇ ਸਵਾਲ ਖੜ੍ਹਾ ਹੋ ਗਿਆ ਹੈ। ਕਿਸ਼ਵਰ ਨੇ ਕਿਹਾ ਕਿ ਸ੍ਰੀ ਗੋਗੋਈ ਦੇ ਸੁਪਰੀਮ ਕੋਰਟ ਦਾ ਚੀਫ਼ ਜਸਟਿਸ ਬਣਨ ਮਗਰੋਂ ਉਨ੍ਹਾਂ ਕਈ ਇਤਿਹਾਸਕ ਫ਼ੈਸਲੇ ਸੁਣਾਏ ਸਨ ਜਿਨ੍ਹਾਂ ’ਚੋਂ ਕੁਝ ਨਾਲ ਅਸ਼ਾਂਤੀ ਤਕ ਫੈਲ ਸਕਦੀ ਸੀ। ਉਨ੍ਹਾਂ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਹ ਸ੍ਰੀ ਗੋਗੋਈ ਨੂੰ ਰਾਜ ਸਭਾ ਮੈਂਬਰ ਬਣਾਉਣ ਦੇ ਜਾਰੀ ਨੋਟੀਫਿਕੇਸ਼ਨ ’ਤੇ ਰੋਕ ਲਾਉਣ ਦੇ ਨਿਰਦੇਸ਼ ਦੇਵੇ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਵੱਲੋਂ ਸ੍ਰੀ ਗੋਗੋਈ ਦੀ ਸਿਆਸੀ ਨਿਯੁਕਤੀ ਨਾਲ ਉਨ੍ਹਾਂ ਦੀ ਅਗਵਾਈ ਹੇਠ ਕੀਤੇ ਗਏ ਫ਼ੈਸਲਿਆਂ ਦੀ ਭਰੋਸੇਯੋਗਤਾ ’ਤੇ ਸ਼ੱਕ ਖੜ੍ਹੇ ਹੋਣਗੇ।
ਉਨ੍ਹਾਂ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਕਿ ਉਹ ਲੋਕਪਾਲ ਅਤੇ ਲੋਕ ਆਯੁਕਤ ਐਕਟ, 2013 ਦੀ ਧਾਰਾ 8 ਤਹਿਤ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਦੇ ਸਾਬਕਾ ਜੱਜਾਂ ਬਾਰੇ ਲਾਈਆਂ ਗਈਆਂ ਪਾਬੰਦੀਆਂ ਨੂੰ ਲਾਗੂ ਕਰਵਾਉਣ ਲਈ ਵੀ ਨਿਰਦੇਸ਼ ਜਾਰੀ ਕਰੇ।

Radio Mirchi