ਗ੍ਰਨੇਡ ਹਮਲੇ ’ਚ ਸੀਆਰਪੀਐੱਫ ਦੇ ਛੇ ਜਵਾਨ ਜ਼ਖ਼ਮੀ
ਸ੍ਰੀਨਗਰ-ਸ੍ਰੀਨਗਰ ਦੇ ਕਰਨ ਨਗਰ ਖੇਤਰ ਵਿੱਚ ਅੱਜ ਦਹਿਸ਼ਤਗਰਦਾਂ ਨੇ ਸੀਆਰਪੀਐੱਫ ਦੀ ਟੀਮ ’ਤੇ ਗ੍ਰਨੇਡ ਹਮਲਾ ਕਰ ਦਿੱਤਾ, ਜਿਸ ਕਾਰਨ ਛੇ ਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਇਕ ਜਵਾਨ ਦੀ ਹਾਲਤ ਗੰਭੀਰ ਹੈ। ਪੁਲੀਸ ਨੇ ਦੱਸਿਆ ਕਿ ਸੀਆਰਪੀਐੱਫ ਦੀ ਟੀਮ ਵਲੋਂ ਨਾਕਾ ਲਾਇਆ ਹੋਇਆ ਸੀ ਕਿ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ। ਵੱਡੇ ਧਮਾਕੇ ਨਾਲ ਗ੍ਰਨੇਡ ਫਟਿਆ, ਜਿਸ ਕਾਰਨ ਛੇ ਜਵਾਨ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕਰਦਿਆਂ ਹਵਾ ਵਿੱਚ ਫਾਇਰ ਕੀਤੇ। ਸੁਰੱਖਿਆ ਬਲਾਂ ਵੱਲੋਂ ਦਹਿਸ਼ਤਗਰਦਾਂ ਦੀ ਭਾਲ ਕੀਤੀ ਜਾ ਰਹੀ ਹੈ।
-ਪੀਟੀਆਈ
ਜੰਮੂ (ਸੁਰੇਸ਼ ਐੱਸ ਡੁੱਗਰ): ਸੇਬ ਲੈਣ ਲਈ ਦੇਸ਼ ਭਰ ਤੋਂ ਕਸ਼ਮੀਰ ਆ ਰਹੇ ਟਰੱਕ ਚਾਲਕਾਂ ਦੀਆਂ ਲਗਾਤਾਰ ਹੱਤਿਆਵਾਂ ਤੋਂ ਬਾਅਦ ਭਾਵੇਂ ਇਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਇਸ ਦੇ ਬਾਵਜੂਦ ਚਾਲਕਾਂ ਦਾ ਭਰੋਸਾ ਜਿੱਤਣ ’ਚ ਸੁਰੱਖਿਆ ਬਲ ਨਾਕਾਮ ਰਹੇ ਹਨ। ਸਿੱਟੇ ਵਜੋਂ ਸੇਬ ਟਰੱਕਾਂ ਵਿਚ ਲੱਦੇ ਬਿਨਾਂ ਉਹ ਮੁੜ ਰਹੇ ਹਨ। ਕਰੀਬ 250 ਤੋਂ ਵੱਧ ਟਰੱਕ ਬਿਨਾਂ ਮਾਲ ਭਰੇ ਪਰਤ ਗਏ ਹਨ। ਇਸ ਤਰ੍ਹਾਂ ਉਨ੍ਹਾਂ ਦੀ ਵਾਪਸੀ ਕਸ਼ਮੀਰੀਆਂ ਲਈ ਸਮੱਸਿਆ ਖੜ੍ਹੀ ਕਰ ਰਹੀ ਹੈ। ਦੱਖਣੀ ਕਸ਼ਮੀਰ ਦੇ ਸ਼ੋਪੀਆਂ ਵਿਚ ਸੇਬਾਂ ਨਾਲ ਲੱਦੇ ਤਿੰਨ ਟਰੱਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੇ ਚਾਲਕਾਂ ਦੀ ਹੱਤਿਆ ਸਬੰਧੀ ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਹਮਾਇਤ ਹਾਸਲ ਦਹਿਸ਼ਤਗਰਦ ਘਾਟੀ ਤੇ ਲੋਕਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵੱਲੋਂ ਕੀਤੀ ਗਈ ਇਹ ਕਾਇਰਤਾ ਵਾਲੀ ਕਾਰਵਾਈ ਲੋਕਾਂ ਦੀ ਰੋਜ਼ੀ-ਰੋਟੀ ’ਤੇ ਹਮਲਾ ਹੈ। ਡੀਜੀਪੀ ਨੇ ਕਿਹਾ ਕਿ ਉਨ੍ਹਾਂ ਜ਼ਿੰਮੇਵਾਰਾਂ ਦੀ ਸ਼ਨਾਖ਼ਤ ਕਰ ਲਈ ਹੈ ਤੇ ਜਲਦੀ ਹੀ ਸਖ਼ਤ ਕਦਮ ਚੁੱਕੇ ਜਾਣਗੇ। ਦੱਸਣਯੋਗ ਹੈ ਕਿ ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਵਿਚ ਵੀਰਵਾਰ ਰਾਤ ਅਤਿਵਾਦੀਆਂ ਨੇ ਪੈਟਰੋਲ ਬੰਬਾਂ ਨਾਲ ਟਰੱਕਾਂ ’ਤੇ ਹਮਲਾ ਕੀਤਾ ਸੀ। ਚਾਲਕਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਦੋ ਦੀ ਮੌਤ ਹੋ ਗਈ ਸੀ। ਸ਼ੋਪੀਆਂ ਦੇ ਡੀਸੀ ਯਾਸੀਨ ਚੌਧਰੀ ਨੇ ਦੱਸਿਆ ਕਿ ਸ਼ੋਪੀਆਂ ਵਿਚ ਹੀ ਤੀਜੀ ਘਟਨਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਸਬੰਧੀ ਨਵੇਂ ਸਿਰਿਓਂ ਕਦਮ ਚੁੱਕੇ ਗਏ ਹਨ ਪਰ ਕੁਝ ਟਰੱਕ ਅੰਦਰੂਨੀ ਇਲਾਕਿਆਂ ਵਿਚ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਟਰੱਕ ਚਾਲਕਾਂ ਦਾ ਭਰੋਸਾ ਬਹਾਲ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।