ਗ੍ਰਹਿ ਸਕੱਤਰ ਵੱਲੋੋਂ ਤਿਆਰੀਆਂ ਦਾ ਜਾਇਜ਼ਾ

ਗ੍ਰਹਿ ਸਕੱਤਰ ਵੱਲੋੋਂ ਤਿਆਰੀਆਂ ਦਾ ਜਾਇਜ਼ਾ

ਡੇਰਾ ਬਾਬਾ ਨਾਨਕ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 8 ਨਵੰਬਰ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਨੇ ਬੀਐੱਸਐਫ਼ ਤੇ ਪੁਲੀਸ ਉੱਚ ਅਧਿਕਾਰੀਆਂ ਨਾਲ ਲਾਂਘੇ ਨਾਲ ਸਬੰਧਤ ਕੰਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਸ੍ਰੀ ਭੱਲਾ ਨੇ ਦੱਸਿਆ ਕਿ 31 ਅਕਤੂਬਰ ਤੱਕ ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਵੱਲੋਂ ਲਾਂਘੇ ਦਾ ਕੰਮ ਹਰ ਹਾਲਤ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਮੀਟਿੰਗ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਬੀਐੱਸਐੱਫ ਦੇ ਡੀਜੀ ਵਿਵੇਕ ਕੁਮਾਰ ਜੌਹਰੀ, ਡੀਜੀਪੀ ਦਿਨਕਰ ਗੁਪਤਾ, ਮੁੱਖ ਮੰਤਰੀ ਦੇ ਵਿਸ਼ੇਸ਼ ਸਕੱਤਰ ਸੁਰੇਸ਼ ਗੁਪਤਾ, ਵਿਸ਼ੇਸ਼ ਸਕੱਤਰ ਗੁਰਕੀਰਤਨ ਕਿਰਪਾਲ ਸਿੰਘ, ਐੱਨਐੱਚਏਆਈ, ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਸਮੇਤ ਹੋਰ ਉੱਚ ਅਧਿਕਾਰੀ ਮੌਜੂਦ ਸਨ। ਸ੍ਰੀ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ’ਤੇ ਪਾਕਿਸਤਾਨ ਸਰਕਾਰ ਮੋਹਰ ਨਹੀਂ ਲਾਵੇਗੀ। ਇਸ ਦੀ ਥਾਂ ਸ਼ਰਧਾਲੂਆਂ ਨੂੰ ਪਰਮਿਟ ਰੂਪੀ ਸਲਿੱਪ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਉੱਚ ਅਧਿਕਾਰੀਆਂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ ਲੋੜੀਂਦੇ ਦਸਤਾਵੇਜ਼ਾਂ ਅਤੇ ਕਿੰਨੇ ਦਿਨ ਪਹਿਲਾਂ ਅਪਲਾਈ ਕਰਨ ਸਮੇਤ ਹੋਰ ਮੁੱਦਿਆਂ ’ਤੇ ਚਰਚਾ ਕੀਤੀ। ਸ੍ਰੀ ਰੰਧਾਵਾ ਨੇ ਦੱਸਿਆ ਕਿ ਲਾਂਘੇ ਦੇ ਉਸ ਪਾਰ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਨੂੰ 30 ਦਿਨ ਪਹਿਲਾਂ ਅਪਲਾਈ ਕਰਨਾ ਹੋਵੇਗਾ। ਸ਼ਰਧਾਲੂਆਂ ਦੇ ਦਸਤਾਵੇਜ਼ਾਂ ਦੀ ਘੋਖ ਕਰਨ ਤੋਂ ਬਾਅਦ ਹੀ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਉਚ ਅਧਿਕਾਰੀਆਂ ਨੂੰ ਯੋਗ ਸ਼ਰਧਾਲੂਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਪਰੰਤ ਭਾਰਤੀ ਉੱਚ ਅਧਿਕਾਰੀਆਂ ਵੱਲੋਂ ਸ਼ਰਧਾਲੂਆਂ ਨੂੰ ਈਮੇਲ ਜਾਂ ਮੋਬਾਈਲ ਰਾਹੀ ਸੰਦੇਸ਼ ਭੇਜ ਕੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਇਹ ਜਾਣਕਾਰੀ ਚਾਰ ਦਿਨ ਪਹਿਲਾਂ ਦਿੱਤੀ ਜਾਵੇਗੀ। ਉਨ੍ਹਾਂ ਦੂਰ-ਦੁਰੇਡਿਓਂ ਆਉਣ ਵਾਲੇ ਸ਼ਰਧਾਲੂਆਂ ਦੇ ਵਾਹਨਾਂ ਦੀ ਪਾਰਕਿੰਗ ਸਬੰਧੀ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਕਿਸੇ ਸ਼ਰਧਾਲੂ ਦੇ ਦਸਤਾਵੇਜ਼ ਰੱਦ ਹੋਣ ’ਤੇ ਉਹ ਇੱਕ ਮਹੀਨੇ ਮਗਰੋਂ ਮੁੜ ਅਪਲਾਈ ਕਰ ਸਕੇਗਾ। ਇਸੇ ਤਰ੍ਹਾਂ ਜਿਸ ਸ਼ਰਧਾਲੂ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਲਏ, ਉਹ ਇੱਕ ਸਾਲ ਬਾਅਦ ਫਿਰ ਤੋਂ ਅਪਲਾਈ ਕਰਨ ਦੇ ਯੋਗ ਹੋਵੇਗਾ।
ਅਧਿਕਾਰੀਆਂ ਮੁਤਾਬਕ 5 ਨਵੰਬਰ ਤੱਕ ਡੇਰਾ ਬਾਬਾ ਨਾਨਕ ਵਿੱਚ ਟੈਂਟ ਸਿਟੀ ਅਤੇ ਕਰਤਾਰਪੁਰ ਲਾਂਘੇ ਸਮੇਤ ਹੋਰ ਸਾਰੇ ਲੋੜੀਂਦੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਪਾਕਿਸਤਾਨ ਤੋਂ ਭਾਈ ਮਰਦਾਨਾ ਦੇ ਪਰਿਵਾਰ ਵੱਲੋਂ ਵਿਸ਼ੇਸ਼ ਸੰਦੇਸ਼ ਮਿਲਿਆ ਹੈ, ਇਸ ਲਈ ਗੁਰੂ ਨਾਨਕ ਦੇਵ ਦੇ ਉਮਰ ਭਰ ਕਰੀਬੀ ਰਹੇ ਭਾਈ ਮਰਦਾਨਾ ਦੀ ਸਦੀਵੀ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਕੌਮਾਂਤਰੀ ਸੀਮਾ ਨੇੜੇ ਕੁਝ ਕੰਮ ਉਦਘਾਟਨ ਹੋਣ ਅਤੇ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਜਾਣ ਤੋਂ ਬਾਅਦ ਵੀ ਚੱਲਦਾ ਰਹੇਗਾ। ਧੁੱਸੀ ਬੰਨ੍ਹ ਕੋਲ ਦਰਸ਼ਨ ਸਥਲ ਤਿਆਰ ਹੋਵੇਗਾ, ਜਿੱਥੇ ਦੂਰਬੀਨ ਰਾਹੀਂ ਆਮ ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨਗੇ। ਇਸ ਮੌਕੇ ਕੇਂਦਰੀ ਗ੍ਰਹਿ ਵਿਭਾਗ ਦੇ ਸੰਯੁਕਤ ਸਕੱਤਰ ਐੱਸਐੱਸ ਦਾਸ, ਡੀਸੀ ਵਿਪੁਲ ਉਜਵੱਲ, ਡੇਰਾ ਬਾਬਾ ਨਾਨਕ ਦੇ ਐਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਕੈਪਸ਼ਨ: ਕੇਂਦਰੀ ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੀ ਅਗਵਾਈ ਵਿੱਚ ਟੀਮ ਕਰਤਾਪੁਰ ਲਾਂਘੇ ਦੇ ਕਾਰਜਾਂ ਦਾ ਜਾਇਜ਼ਾ ਲੈਂਦੀ ਹੋਈ।

Radio Mirchi