ਗ੍ਰੀਨਫੀਲਡ ਪ੍ਰਾਜੈਕਟ: ਨਕੋਦਰ ਤੋਂ ਸਿੱਧਾ ਅੰਮ੍ਰਿਤਸਰ ’ਚੋਂ ਲੰਘੇਗਾ ਦਿੱਲੀ-ਕੱਟੜਾ ਐਕਸਪ੍ਰੈੱਸਵੇਅ

ਗ੍ਰੀਨਫੀਲਡ ਪ੍ਰਾਜੈਕਟ: ਨਕੋਦਰ ਤੋਂ ਸਿੱਧਾ ਅੰਮ੍ਰਿਤਸਰ ’ਚੋਂ ਲੰਘੇਗਾ ਦਿੱਲੀ-ਕੱਟੜਾ ਐਕਸਪ੍ਰੈੱਸਵੇਅ

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅੱਜ ਪੰਜਾਬ ਵਾਸੀਆਂ ਦੀ ਲੰਬੇ ਸਮੇਂ ਦੀ ਮੰਗ ਪੂਰੀ ਕਰਦਿਆਂ ਦਿੱਲੀ-ਅੰਮ੍ਰਿਤਸਰ ਐਕਸਪ੍ਰੈੱਸਵੇਅ ਦੇ ਹਿੱਸੇ ਵਜੋਂ ਨਕੋਦਰ ਤੋਂ ਅੰਮ੍ਰਿਤਸਰ ਤੱਕ (ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ) ਨਵੀਂ ਸੜਕ ਬਣਾਊਣ ਦਾ ਐਲਾਨ ਕੀਤਾ ਹੈ। ਸੜਕ, ਆਵਾਜਾਈ ਅਤੇ ਹਾਈਵੇਅਜ਼ ਬਾਰੇ ਮੰਤਰੀ ਨੇ ਦੱਸਿਆ ਕਿ ਇਸ ਐਕਸਪ੍ਰੈੱਸਵੇਅ ਨਾਲ ਅੰਮ੍ਰਿਤਸਰ ਤੋਂ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਦਾ ਮੌਜੂਦਾ ਅੱਠ ਘੰਟਿਆਂ ਦਾ ਸਫ਼ਰ ਘਟ ਕੇ ਚਾਰ ਘੰਟਿਆਂ ਦਾ ਰਹਿ ਜਾਵੇਗਾ। ਊਨ੍ਹਾਂ ਦੱਸਿਆ ਕਿ ਐਕਸਪ੍ਰੈੱਸਵੇਅ ਦੇ ਪਹਿਲੇ ਪੜਾਅ ’ਤੇ 25,000 ਕਰੋੜ ਰੁਪਏ ਦੀ ਲਾਗਤ ਆਵੇਗੀ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰਾਂ ਨਾਲ ਰੀਵਿਊ ਮੀਟਿੰਗ ਵਿੱਚ ਇਸ ਸੇਧ ਬਾਰੇ ਅੰਤਿਮ ਛੋਹਾਂ ਦੇਣ ਮਗਰੋਂ ਗਡਕਰੀ ਨੇ ਕਿਹਾ, ‘‘ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈੱਸਵੇਅ ਦੇ ਹਿੱਸੇ ਵਜੋਂ ਨਕੋਦਰ ਤੋਂ ਅੰਮ੍ਰਿਤਸਰ ਤੱਕ ਵਾਇਆ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ... ਨਵੀਂ ਸੜਕ (ਗ੍ਰੀਨਫੀਲਡ ਕੁਨੈਕਟੀਵਿਟੀ) ਦਾ ਨਿਰਮਾਣ ਕੀਤਾ ਜਾਵੇਗਾ। ਇਹ ਪ੍ਰਸਤਾਵਿਤ ਐਕਸਪ੍ਰੈੱਸਵੇਅ ਸਿੱਖ ਧਰਮ ਦੇ ਪੰਜ ਗੁਰੂਆਂ ਦੇ ਪਵਿੱਤਰ ਸ਼ਹਿਰਾਂ ਨੂੰ ਇੱਕ ਸੜਕ ਰਾਹੀਂ ਜੋੜੇਗਾ।’’ ਗਡਕਰੀ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਗੁਰਦਾਸਪੁਰ ਤੱਕ ਵੀ ਪੂਰੀ ਸੜਕ ਬਣਾਈ ਜਾਵੇਗੀ, ਜੋ ਸਿਗਨਲ ਰਹਿਤ ਹੋਵੇਗੀ। ਊਨ੍ਹਾਂ ਕਿਹਾ ਕਿ ਗ੍ਰੀਨਫੀਲਡ ਸੇਧ ਨਾਲ ਨਾ ਕੇਵਲ ਅੰਮ੍ਰਿਤਸਰ ਲਈ ਸਭ ਤੋਂ ਛੋਟਾ ਰਸਤਾ ਬਣੇਗਾ ਬਲਕਿ ਇਹ ਕਈ ਧਾਰਮਿਕ ਸ਼ਹਿਰਾਂ ਸੁਲਤਾਨਪੁਰ ਲੋਧੀ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ ਅਤੇ ਡੇਰਾ ਬਾਬਾ ਨਾਨਕ/ਕਰਤਾਰਪੁਰ ਸਾਹਿਬ ਕੌਮਾਂਤਰੀ ਲਾਂਘੇ ਨੂੰ ਵੀ ਜੋੜੇਗੀ। ਅੰਮ੍ਰਿਤਸਰ ਵੱਲ ਸੇਧ ਦੇ ਮਾਮਲੇ ’ਤੇ ਵਿਚਾਰ ਅਤੇ ਹੱਲ ਲਈ ਅੱਜ ਗਡਕਰੀ ਦੀ ਅਗਵਾਈ ਹੇਠ ਵੀਡੀਓ ਕਾਨਫਰੰਸ ਰਾਹੀਂ ਚਰਚਾ ਹੋਈ। ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਣੇ ਕੇਂਦਰੀ ਮੰਤਰੀਆਂ ਹਰਸਿਮਰਤ ਕੌਰ ਬਾਦਲ, ਹਰਦੀਪ ਸਿੰਘ ਪੁਰੀ, ਜਤੇਂਦਰ ਸਿੰਘ ਅਤੇ ਵੀਕੇ ਸਿੰਘ ਤੇ ਹੋਰਾਂ ਨੇ ਸ਼ਮੂਲੀਅਤ ਕੀਤੀ।

Radio Mirchi