ਗੱਡੀ ’ਚ ਮਾਸਕ ਪਹਿਨਣ ’ਤੇ ਬੋਲੇ ਗਿੱਪੀ ਗਰੇਵਾਲ, ਲਾਈਵ ਦੌਰਾਨ ਤਾਲਾਬੰਦੀ ’ਤੇ ਵੀ ਰੱਖੀ ਰਾਏ
ਚੰਡੀਗੜ੍ਹ – ਬੀਤੇ ਦਿਨੀਂ ਗਿੱਪੀ ਗਰੇਵਾਲ ਨੇ ਸਵੇਰ ਵੇਲੇ ਇੰਸਟਾਗ੍ਰਾਮ ’ਤੇ ਲਾਈਵ ਹੋਣ ਤੋਂ ਬਾਅਦ ਸ਼ਾਮ ਵੇਲੇ ਫੇਸਬੁੱਕ ’ਤੇ ਲਾਈਵ ਵੀਡੀਓ ਸਾਂਝੀ ਕੀਤੀ। ਇਸ ਲਾਈਵ ਵੀਡੀਓ ਦੌਰਾਨ ਗਿੱਪੀ ਗਰੇਵਾਲ ਗੱਡੀ ’ਚ ਆਪਣੇ ਤਿੰਨ ਹੋਰ ਸਾਥੀਆਂ ਨਾਲ ਮੌਜੂਦ ਸਨ। ਗਿੱਪੀ ਗਰੇਵਾਲ ਨੇ ਲਾਈਵ ਦੀ ਸ਼ੁਰੂਆਤ ’ਚ ਕਿਹਾ ਕਿ 8 ਵੱਜਣ ਵਾਲੇ ਹਨ ਤੇ ਉਹ ਆਪਣੇ ਘਰ ਜਾ ਰਹੇ ਹਨ ਤੇ ਤੁਸੀਂ ਸਾਰੇ ਵੀ ਆਪਣੇ ਘਰਾਂ ਨੂੰ ਚਲੇ ਜਾਓ।
ਇਸ ਤੋਂ ਬਾਅਦ ਗਿੱਪੀ ਗਰੇਵਾਲ ਨੇ ਗੱਡੀ ’ਚ ਮਾਸਕ ਪਹਿਨਣ ਦੇ ਨਿਯਮ ’ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਵਿਦੇਸ਼ ’ਚ ਅਜਿਹਾ ਨਿਯਮ ਸ਼ਾਇਦ ਨਹੀਂ ਹੈ ਕਿ ਕੋਈ ਸ਼ਖ਼ਸ ਗੱਡੀ ’ਚ ਮਾਸਕ ਪਹਿਨੇ ਜਾਂ ਮੋਟਰਸਾਈਕਲ ਚਲਾਉਂਦੇ ਸਮੇਂ ਹੈਲਮੇਟ ਹੇਠਾਂ ਮਾਸਕ ਪਹਿਨੇ। ਬੀਤੇ ਦਿਨੀਂ ਦਿੱਲੀ ਵਿਖੇ ਪਤੀ-ਪਤਨੀ ਵਲੋਂ ਮਾਸਕ ਨਾ ਪਹਿਨਣ ਦੀ ਘਟਨਾ ’ਤੇ ਬੋਲਦਿਆਂ ਗਿੱਪੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਸਰਕਾਰ ਨੇ ਇਹ ਨਿਯਮ ਕੋਰੋਨਾ ਰੋਕਣ ਲਈ ਬਣਾਏ ਹਨ ਜਾਂ ਫਿਰ ਲੋਕਾਂ ਕੋਲੋਂ ਜੁਰਮਾਨਾ ਵਸੂਲਣ ਲਈ।
ਗਿੱਪੀ ਨੇ ਕਿਹਾ ਕਿ ਪਿਛਲੇ ਸਾਲ ਵੀ ਉਹ ਪੂਰੀ ਤਰ੍ਹਾਂ ਨਾਲ ਵਿਹਲੇ ਸਨ ਤੇ ਇਸ ਸਾਲ ਵੀ ਕੋਰੋਨਾ ਦੇ ਚਲਦਿਆਂ ਉਨ੍ਹਾਂ ਨੂੰ ਵਿਹਲੇ ਰਹਿਣਾ ਪੈ ਰਿਹਾ ਹੈ ਪਰ ਇਸ ਵਾਰ ਉਹ ਬਾਹਰ ਘੁੰਮ ਜ਼ਰੂਰ ਸਕਦੇ ਹਨ। ਆਪਣੀ ਲਾਈਵ ਵੀਡੀਓ ਦੌਰਾਨ ਗਿੱਪੀ ਨੇ ਕਿਸਾਨੀ ਅੰਦੋਲਨ ’ਚ ਡਟੇ ਲੋਕਾਂ ਨਾਲ ਵੀ ਗੱਲਬਾਤ ਕੀਤੀ। ਿਕਸਾਨੀ ਅੰਦੋਲਨ ਕਰ ਰਹੇ ਉਕਤ ਵਿਅਕਤੀਆਂ ਨੂੰ ਜਦੋਂ ਗਿੱਪੀ ਨੇ ਪੁੱਛਿਆ ਕਿ ਕੀ ਉਹ 8 ਵਜੇ ਤੋਂ ਬਾਅਦ ਘਰ ਜਾਣਗੇ ਜਾਂ ਇਥੇ ਹੀ ਅੰਦੋਲਨ ਕਰਨਗੇ ਤਾਂ ਉਨ੍ਹਾਂ ਕਿਹਾ ਕਿ ਉਹ ਘਰ ਨਹੀਂ ਜਾਣਗੇ, ਭਾਵੇਂ ਉਨ੍ਹਾਂ ਦੇ ਚਾਲਾਨ ਹੀ ਕਿਉਂ ਨਾ ਕੱਟ ਦਿੱਤੇ ਜਾਣ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੰਸਟਾਗ੍ਰਾਮ ਲਾਈਵ ਦੌਰਾਨ ਗਿੱਪੀ ਗਰੇਵਾਲ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪ੍ਰੇਸ਼ਾਨ ਨਜ਼ਰ ਆ ਰਹੇ ਸਨ। ਗਿੱਪੀ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਕੇ ਰੱਖ ਦਿੱਤਾ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਕੋਰੋਨਾ ਨਾਲ ਜੁੜੇ ਨਿਯਮ ਸਹੀ ਹਨ ਜਾਂ ਗਲਤ।