ਘਰ ਬੈਠ ਕੇ ਹੋ ਸਕਦੀ ਹੈ IPL ਦੀ ਕੁਮੈਂਟਰੀ
ਨਵੀਂ ਦਿੱਲੀ – ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ.ਐੱਲ.) ਦੇ ਪ੍ਰਸਾਰਕ ਹਾਲ ਹੀ ਵਿਚ ਇਕ ਪ੍ਰਦਰਸ਼ਨੀ ਮੈਚ ਵਿਚ ਸਫਲ ਪ੍ਰਯੋਗ ਕਰਨ ਤੋਂ ਬਾਅਦ ਇਸ ਨੂੰ ਚੋਟੀ ਦੀ ਲੀਗ ਵਿਚ ਵੀ 'ਵਰਚੂਅਲ ਕੁਮੈਂਟਰੀ' ਸ਼ੁਰੂ ਕਰਨ 'ਤੇ ਵਿਚਾਰ ਕਰ ਰਹੇ ਹਨ। ਦੱਖਣੀ ਅਫਰੀਕਾ ਦੇ ਸੈਂਚੂਰੀਅਨ ਪਾਰਕ ਵਿਚ ਐਤਵਾਰ ਨੂੰ ਖੇਡੇ ਗਏ ਮੈਚ ਦੀ ਇਰਫਾਨ ਪਠਾਨ ਨੇ ਬੜੌਦਾ ਵਿਚ ਆਪਣੇ ਘਰ ਤੋਂ, ਦੀਪ ਦਾਸਗੁਪਤਾ ਨੇ ਕੋਲਕਾਤਾ ਤੇ ਸੰਜੇ ਮਾਂਜਰੇਕਰ ਨੇ ਮੁੰਬਈ ਸਥਿਤ ਆਪਣੇ ਨਿਵਾਸ ਤੋਂ ਕੁਮੈਂਟਰੀ ਕੀਤੀ ਸੀ। ਆਪਣੇ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਹੋ ਰਹੇ ਮੈਚ ਦੀ ਆਪਣੇ ਘਰ ਤੋਂ ਕੁਮੈਂਟਰੀ ਕਰਨ ਦੇ ਤਜਰਬੇ ਨੂੰ ਆਲਰਾਊਂਡਰ ਇਰਫਾਨ ਪਠਾਨ ਨੇ 'ਜਾਦੂਈ' ਕਰਾਰ ਦਿੱਤਾ। ਕੋਵਿਡ-19 ਮਹਾਮਾਰੀ ਦੇ ਕਾਰਣ ਵਿਸ਼ਵ ਵਿਚ ਲਗਾਤਾਰ ਨਵੇਂ ਬਦਲਾਅ ਹੋ ਰਹੇ ਰਹੇ ਹਨ ਤੇ ਅਜਿਹੇ ਵਿਚ ਆਈ. ਪੀ.ਐੱਲ. ਪ੍ਰਸਾਰਕ ਸਟਾਰ ਸਪੋਰਟ ਨੇ ਵੀ ਸੈਂਚੂਰੀਅਨ ਪਾਰਕ ਵਿਚ ਤਿੰਨ ਟੀਮਾਂ ਦੇ ਵਿਚਾਲੇ ਖੇਡੇ ਗਏ 36 ਓਵਰਾਂ ਦੇ ਮੈਚ ਵਿਚ 'ਵਰਚੂਅਲ ਕੁਮੈਂਟਰੀ' ਦਾ ਪ੍ਰਯੋਗ ਕੀਤਾ ਸੀ। ਸਿਰਫ ਕੁਮੈਂਟੇਟਰ ਹੀ ਨਹੀਂ ਸਗੋ ਇਸ ਨਾਲ ਜੁੜੇ ਕਰਮਚਾਰੀ ਵੀ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ 'ਲਾਗ ਇਨ' ਸਨ ਜਦਕਿ ਡਾਇਰੈਕਟਰ ਮੈਸੂਰ ਵਿਚ ਬੈਠ ਕੇ ਸਭ 'ਤੇ ਨਜ਼ਰ ਰੱਖ ਰਹੇ ਸਨ।
ਜੇਕਰ ਕੁਝ ਸ਼ੁਰੂਆਤੀ ਮਸਲਿਆਂ ਨੂੰ ਛੱਡ ਦਿੱਤਾ ਜਾਵੇ ਤਾਂ ਇਹ ਪ੍ਰਯੋਗ ਸਫਲ ਰਿਹਾ ਤੇ ਆਗਾਮੀ ਆਈ. ਪੀ. ਐੱਲ. ਵਿਚ ਵੀ ਅਜਿਹਾ ਹੋ ਸਕਦਾ ਹੈ। ਭਾਵੇਂ ਹੀ ਹਿੰਦੀ ਤੇ ਅੰਗਰੇਜ਼ੀ ਕੁਮੈਂਟਰੀ ਵਿਚ ਅਜਿਹਾ ਨਾ ਹੋਵੇ ਪਰ ਖੇਤਰੀ ਭਾਸ਼ਾ ਜਿਵੇਂ ਤਮਿਲ, ਤੇਲਗੂ ਤੇ ਕੰਨੜ ਵਿਚ ਇਸਦੀ ਸ਼ੁਰੂਆਤ ਕੀਤੀ ਜਾ ਸਕਦੀ ਹੈ।