ਚਾਰ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਖ਼ਿਲਾਫ਼ ਝੰਡਾ ਚੁੱਕਿਆ

ਚਾਰ ਕਾਂਗਰਸੀ ਵਿਧਾਇਕਾਂ ਨੇ ਪਾਰਟੀ ਖ਼ਿਲਾਫ਼ ਝੰਡਾ ਚੁੱਕਿਆ

ਮੁੱਖ ਮੰਤਰੀ ਦੇ ਪਟਿਆਲਾ ਜ਼ਿਲ੍ਹੇ ਦੇ ਕਾਂਗਰਸ ਦੇ ਵਿਧਾਇਕਾਂ ਦੇ ਕੈਪਟਨ ਸਰਕਾਰ ਖ਼ਿਲਾਫ਼ ਬਗ਼ਾਵਤ ਦੀ ਚਰਚਾ ਪੰਜਾਬ ਦੇ ਸਿਆਸੀ ਗਲਿਆਰਿਆਂ ’ਚ ਵੱਡੀ ਦਿਲਚਸਪੀ ਪੈਦਾ ਕਰਨ ਲੱਗੀ ਹੈ।
ਇਨ੍ਹਾਂ ਕਾਂਗਰਸੀ ਵਿਧਾਇਕਾਂ ਦੀ ਅਗਵਾਈ ਕਰ ਰਹੇ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਸ਼ਿਕਵਾ ਹੈ ਕਿ ਪੰਜਾਬ ਵਿਚ ਸਰਕਾਰ ਕੈਪਟਨ ਅਮਰਿੰਦਰ ਸਿੰਘ ਨਹੀਂ ਬਲਕਿ ਅਫ਼ਸਰਸ਼ਾਹੀ ਚਲਾ ਰਹੀ ਹੈ। ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਇਸ ਤੋਂ ਪਹਿਲਾਂ ਅੰਮ੍ਰਿਤਸਰ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਵੀ ਬਗ਼ਾਵਤ ਦਾ ਝੰਡਾ ਚੁੱਕਿਆ ਹੋਇਆ ਹੈ। ਹੁਣ ਮੁੜ ਪਟਿਆਲਾ ਦੇ ਹੁਕਰਮਾਨ ਧਿਰ ਦੇ ਵਿਧਾਇਕਾਂ ਦੇ ਬਾਗ਼ੀ ਰੌਂਅ ਦੀ ਚਰਚਾ ਹੈ। ਪਟਿਆਲਾ ਜ਼ਿਲ੍ਹੇ ਵਿਚ ਮੁੱਖ ਮੰਤਰੀ ਸਣੇ ਸੱਤ ਵਿਧਾਇਕ ਹਨ, ਜਿਸ ’ਚੋਂ ਦੋ ਬ੍ਰਹਮ ਮਹਿੰਦਰਾ ਤੇ ਸਾਧੂ ਸਿੰਘ ਧਰਮਸੋਤ ਮੰਤਰੀ ਹਨ ਜਦੋਂਕਿ ਪਿੱਛੇ ਚਾਰ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਕਾਕਾ ਰਜਿੰਦਰ ਸਿੰਘ ਤੇ ਨਿਰਮਲ ਸਿੰਘ ਸ਼ੁਤਰਾਣਾ ਹਨ।
ਇਨ੍ਹਾਂ ਨਾਰਾਜ਼ ਵਿਧਾਇਕਾਂ ਦੀ ਅਗਵਾਈ ਮਦਨ ਲਾਲ ਜਲਾਲਪੁਰ ਨੇ ਸੰਭਾਲੀ ਹੋਈ ਹੈ। ਵਾਇਰਲ ਹੋਈ ਵੀਡੀਓ ’ਚ ਉਹ ਕਹਿ ਰਹੇ ਹਨ ਕਿ ‘ਹੁਣ ਤਾਂ ਅਫ਼ਸਰਸ਼ਾਹੀ ਸਰਕਾਰ ਚਲਾ ਰਹੀ ਹੈ ਕੈਪਟਨ ਸਾਹਿਬ ਤਾਂ ਸਰਕਾਰ ਹੀ ਨਹੀਂ ਚਲਾ ਰਹੇ। ਅਫ਼ਸਰ ਵਿਧਾਇਕਾਂ ’ਤੇ ਭਾਰੂ ਹਨ। ਚਾਰੇ ਵਿਧਾਇਕਾਂ ਦੀ ਸਰਕਾਰੇ-ਦਰਬਾਰੇ ਕੋਈ ਸੁਣਵਾਈ ਨਹੀਂ ਹੋ ਰਹੀ। 2002 ਤੋਂ 2007 ਦੌਰਾਨ ਕੈਪਟਨ ਦਾ ਪੂਰਾ ਬੋਲਬਾਲਾ ਸੀ, ਉਦੋਂ ਮੰਤਰੀ ਵੀ ਸਿਆਣੇ ਸਨ। ਹੁਣ ਤਾਂ ਮੰਤਰੀ ਵੀ ਅਫ਼ਸਰਾਂ ਦੇ ਥੱਲੇ ਲੱਗੇ ਹੋਏ ਹਨ।’ ਇਹ ਵਿਧਾਇਕ ਜ਼ਿਲ੍ਹੇ ’ਚ ਅਫ਼ਸਰਾਂ ਦੀ ਨਿਯੁਕਤੀ ਸਬੰਧੀ ਵੀ ਖਫ਼ਾ ਹਨ। ਵਿਧਾਇਕ ਸ੍ਰੀ ਜਲਾਲਪੁਰ ਨੇ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਪਟਿਆਲੇ ਜ਼ਿਲ੍ਹੇ ਦੇ ਬਾਗ਼ੀ ਤੇਵਰ ਵਾਲੇ ਚਾਰੇ ਵਿਧਾਇਕ ਜ਼ਿਲ੍ਹੇ ’ਚੋਂ ਭ੍ਰਿਸ਼ਟ ਅਫ਼ਸਰਾਂ ਦਾ ਤਬਾਦਲਾ ਹੋਣ ਤਕ ਡਟੇ ਰਹਿਣਗੇ। ਉਨ੍ਹਾਂ ਆਖਿਆ ਕਿ ਹਾਲੇ ਤੱਕ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਰਾਬਤਾ ਨਹੀਂ ਕੀਤਾ, ਉਹ ਮੁੱਖ ਮੰਤਰੀ ਦੇ ਵਿਦੇਸ਼ੋਂ ਪਰਤਣ ’ਤੇ ਇਹ ਮਾਮਲਾ ਉਨ੍ਹਾਂ ਕੋਲ ਉਠਾਉਣਗੇ।

Radio Mirchi