ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

ਚਾਰ ਮੁਲਜ਼ਮ ਪੁਲੀਸ ਮੁਕਾਬਲੇ ’ਚ ਹਲਾਕ

ਨੌਜਵਾਨ ਵੈਟਰਨਰੀ ਡਾਕਟਰ ਦੀ ਜਬਰ-ਜਨਾਹ ਮਗਰੋਂ ਹੱਤਿਆ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਅੱਜ ਸੁਵੱਖਤੇ ਇਥੇ ਪੁਲੀਸ ਨਾਲ ਹੋਏ ਕਥਿਤ ਮੁਕਾਬਲੇ ਦੌਰਾਨ ਮਾਰ ਮੁਕਾਇਆ ਗਿਆ। ਚਾਰੋਂ ਮੁਲਜ਼ਮਾਂ ਨੂੰ 25 ਵਰ੍ਹਿਆਂ ਦੀ ਡਾਕਟਰ ਨਾਲ ਜਬਰ-ਜਨਾਹ ਮਗਰੋਂ ਉਸ ਦੀ ਹੱਤਿਆ ਕਰਕੇ ਸਾੜਨ ਦੇ ਦੋਸ਼ ਹੇਠ 29 ਨਵੰਬਰ ਨੂੰ ਗ੍ਰਿਫ਼ਤਾਰ ਕਰਕੇ ਸੱਤ ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਗਿਆ ਸੀ।
ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਮੁਕਾਬਲੇ ਦਾ ਨੋਟਿਸ ਲੈਂਦਿਆਂ ਜਾਂਚ ਦੇ ਹੁਕਮ ਦਿੱਤੇ ਹਨ। ਹੈਵਾਨੀਅਤ ਦੀ ਇਸ ਘਟਨਾ ਨੇ ਪੂਰੇ ਮੁਲਕ ਨੂੰ 16 ਦਸੰਬਰ 2012 ਦੇ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ (ਨਿਰਭਯਾ ਕਾਂਡ) ਦੀ ਯਾਦ ਤਾਜ਼ਾ ਕਰਵਾ ਦਿੱਤੀ ਸੀ। ਹੈਦਰਾਬਾਦ ’ਚ ਔਰਤ ਨਾਲ ਜਬਰ-ਜਨਾਹ ਮਗਰੋਂ ਪੂਰੇ ਮੁਲਕ ’ਚ ਰੋਸ ਪ੍ਰਦਰਸ਼ਨ ਹੋਏ ਸਨ ਅਤੇ ਦੋਸ਼ੀਆਂ ਨੂੰ ਫੜ ਕੇ ਤੁਰੰਤ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਸੀ। ਪੁਲੀਸ ਮੁਤਾਬਕ ਮੁਕਾਬਲਾ ਤੜਕੇ ਪੌਣੇ 6 ਅਤੇ ਸਵਾ 6 ਵਜੇ ਦੇ ਵਿਚਕਾਰ ਹੋਇਆ ਜਦੋਂ 20 ਤੋਂ 24 ਸਾਲ ਦੇ ਮੁਲਜ਼ਮਾਂ ਨੂੰ ਹੈਦਰਾਬਾਦ ਨੇੜੇ ਮੌਕਾ-ਏ-ਵਾਰਦਾਤ ’ਤੇ ਲਿਆਂਦਾ ਗਿਆ ਸੀ ਤਾਂ ਜੋ ਘਟਨਾ ਬਾਬਤ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਪੁਲੀਸ ਨੇ ਕਿਹਾ ਕਿ ਮੁਲਜ਼ਮ ਭਾਵੇਂ ਹਿਰਾਸਤ ’ਚ ਸਨ ਪਰ ਉਨ੍ਹਾਂ ਦੇ ਹੱਥਕੜੀਆਂ ਨਹੀਂ ਲੱਗੀਆਂ ਹੋਈਆਂ ਸਨ। ਸਾਈਬਰਾਬਾਦ ਪੁਲੀਸ ਕਮਿਸ਼ਨਰ ਸੀ ਵੀ ਸਜਨਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋ ਮੁਲਜ਼ਮਾਂ ਨੇ ਉਨ੍ਹਾਂ ਨਾਲ ਆਏ ਪੁਲੀਸ ਮੁਲਾਜ਼ਮਾਂ ਕੋਲੋਂ ਹਥਿਆਰ ਖੋਹ ਕੇ ਉਨ੍ਹਾਂ ਉਪਰ ਗੋਲੀਆਂ ਚਲਾ ਦਿੱਤੀਆਂ ਜਿਸ ਮਗਰੋਂ ਹੋਰ ਪੁਲੀਸ ਵਾਲਿਆਂ ਨੇ ਉਨ੍ਹਾਂ ’ਤੇ ਜਵਾਬੀ ਗੋਲੀਬਾਰੀ ਕੀਤੀ। ਉਨ੍ਹਾਂ ਕਿਹਾ ਕਿ ਮੁਲਜ਼ਮ ਮੁਹੰਮਦ ਆਰਿਫ਼ ਨੇ ਸਭ ਤੋਂ ਪਹਿਲਾਂ ਗੋਲੀਆਂ ਚਲਾਈਆਂ ਅਤੇ ਵਾਰਦਾਤ ਵਾਲੀ ਥਾਂ ’ਤੇ ਗਈ 10 ਮੈਂਬਰੀ ਪੁਲੀਸ ਟੀਮ ਉਪਰ ਮੁਲਜ਼ਮਾਂ ਨੇ ਪੱਥਰਾਂ ਅਤੇ ਲਾਠੀਆਂ ਨਾਲ ਹਮਲਾ ਕੀਤਾ। ਪੁਲੀਸ ਨੇ ਪਹਿਲਾਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮੰਨੇ ਤਾਂ ਪੁਲੀਸ ਨੇ ਜਵਾਬ ’ਚ ਗੋਲੀਆਂ ਚਲਾਈਆਂ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਵੱਲੋਂ ਖੋਹੇ ਗਏ ਹਥਿਆਰ ‘ਅਨਲਾਕ’ ਸਨ। ਪੁਲੀਸ ਕਮਿਸ਼ਨਰ ਮੁਤਾਬਕ ਮੁਲਜ਼ਮਾਂ ਦੇ ਹਮਲੇ ’ਚ ਇਕ ਸਬ-ਇੰਸਪੈਕਟਰ ਅਤੇ ਸਿਪਾਹੀ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਦੇ ਸਿਰ ’ਤੇ ਸੱਟਾਂ ਲੱਗੀਆਂ ਹਨ ਜੋ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ,‘‘ਪੁਲੀਸ ਅਧਿਕਾਰੀਆਂ ਨੇ ਸੰਜਮ ਵਰਤਦਿਆਂ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਗੋਲੀਆਂ ਚਲਾਉਣਾ ਅਤੇ ਹਮਲੇ ਕਰਨਾ ਜਾਰੀ ਰੱਖਿਆ। ਸਾਡੇ ਮੁਲਾਜ਼ਮਾਂ ਨੇ ਆਪਣੀ ਸੁਰੱਖਿਆ ’ਚ ਗੋਲੀਆਂ ਚਲਾਈਆਂ ਤਾਂ ਚਾਰੋਂ ਮੁਲਜ਼ਮ ਮਾਰੇ ਗਏ।’’

Radio Mirchi