ਚੀਨ ਨਾਲ ਲੱਗਦੀ ਸਰਹੱਦ ’ਤੇ ਫ਼ੌਜ ਚੌਕਸ ਤੇ ਮੁਸਤੈਦ: ਜਨਰਲ ਨਰਵਾਣੇ
ਥਲ ਸੈਨਾ ਮੁਖੀ ਜਨਰਲ ਐੱਮ.ਐੱਮ.ਨਰਵਾਣੇ ਨੇ ਅੱਜ ਕਿਹਾ ਕਿ ਭਾਰਤੀ ਫੌਜਾਂ ਚੀਨ ਨਾਲ ਲੱਗਦੀ ਸਰਹੱਦ ’ਤੇ ਪੂਰੀ ਚੌਕਸੀ ਤੇ ਮੁਸਤੈਦੀ ਨਾਲ ਡਟੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਹੱਦ ਨਾਲ ਲਗਦੇ ਮੂਹਰਲੇ ਖੇਤਰਾਂ ’ਚ ਬੁਨਿਆਦੀ ਢਾਂਚੇ ਨਾਲ ਸਬੰਧਤ ਵਿਕਾਸ ਕਾਰਜ ਬੇਰੋਕ ਜਾਰੀ ਹਨ। ਥਲ ਸੈਨਾ ਮੁਖੀ ਦਾ ਇਹ ਬਿਆਨ ਅਜਿਹੇ ਮੌਕੇ ਆਇਆ ਹੈ ਜਦੋਂ ਅਜੇ ਪਿਛਲੇ ਦਿਨੀਂ ਦੋਵਾਂ ਮੁਲਕਾਂ ਦੀਆਂ ਫੌਜਾਂ ਦੋ ਵੱਖ ਵੱਖ ਮੌਕਿਆਂ ’ਤੇ ਆਹਮੋ-ਸਾਹਮਣੇ ਹੋ ਗਈਆਂ ਸਨ।
ਜਨਰਲ ਨਰਵਾਣੇ ਨੇ ਕਿਹਾ ਕਿ ਪੂਰਬੀ ਲੱਦਾਖ ਤੇ ਉੱਤਰੀ ਸਿੱਕਿਮ ਵਿੱਚ ਵਾਪਰੀਆਂ ਘਟਨਾਵਾਂ ਚੀਨੀ ਤੇ ਭਾਰਤੀ ਫੌਜਾਂ ਦੇ ਹਮਲਾਵਰ ਰਵੱਈਏ ਦਾ ਨਤੀਜਾ ਸੀ, ਜਿਸ ਵਿੱਚ ਦੋਵਾਂ ਧਿਰਾਂ ਨੂੰ ਮਾਮੂਲੀ ਸੱਟ-ਫੇਟ ਲੱਗੀ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਮੁਕਾਮੀ ਪੱਧਰ ’ਤੇ ਸੰਵਾਦ ਤੇ ਗੱਲਬਾਤ ਮਗਰੋਂ ਦੋਵੇਂ ਧਿਰਾਂ ਕੁਝ ‘ਢਿੱਲੀਆਂ’ ਪੈ ਗਈਆਂ ਹਨ। ਪੱਤਰਕਾਰਾਂ ਵੱਲੋਂ ਸਰਹੱਦ ’ਤੇ ਟਕਰਾਅ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘ਇਹ ਗੱਲ ਦੁਹਰਾਈ ਜਾਂਦੀ ਹੈ ਕਿ ਦੋਵਾਂ ਘਟਨਾਵਾਂ ਦਾ ਹੋਰਨਾਂ ਆਲਮੀ ਜਾਂ ਮੁਕਾਮੀ ਸਰਗਰਮੀਆਂ ਨਾਲ ਆਪਸ ਵਿੱਚ ਕੋਈ ਲਾਗਾ-ਦੇਗਾ ਨਹੀਂ ਹੈ।’ ਜਨਰਲ ਨਰਵਾਣੇ ਨੇ ਕਿਹਾ, ‘ਅਜਿਹੀਆਂ ਸਾਰੀਆਂ ਘਟਨਾਵਾਂ ਨਾਲ ਸਥਾਪਤ ਵਿਵਸਥਾਵਾਂ ਅਤੇ ਵੁਹਾਨ ਤੇ ਮੱਮਲਾਪੁਰਮ ਸਿਖਰ ਵਾਰਤਾਵਾਂ ਮਗਰੋਂ ਪ੍ਰਧਾਨ ਮੰਤਰੀ ਵੱਲੋਂ ਜਾਰੀ ਰਣਨੀਤਕ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਜਿੱਠ ਲਿਆ ਜਾਦਾ ਹੈ।’ ਉਨ੍ਹਾਂ ਕਿਹਾ ਕਿ ਸਰਹੱਦ ’ਤੇ ਤਾਇਨਾਤ ਭਾਰਤੀ ਫੌਜਾਂ ਨੇ ਸਰਹੱਦੀ ਖੇਤਰਾਂ ਦੇ ਨਾਲ ਹਮੇਸ਼ਾਂ ਅਮਨ ਤੇ ਸ਼ਾਂਤੀ ਨੂੰ ਬਹਾਲ ਰੱਖਿਆ ਹੈ।