ਚੀਨ ਨੇ ਅਮਰੀਕਾ ਵੱਲੋਂ ਲਗਾਈ ਵੀਜ਼ਾ ਪਾਬੰਦੀ ਦੀ ਕੀਤੀ ਨਿੰਦਾ
ਵਾਸ਼ਿੰਗਟਨ ਅਮਰੀਕਾ ਵੱਲੋਂ ਚੀਨ ਦੇ ਅਧਿਕਾਰੀਆਂ 'ਤੇ ਵੀਜ਼ਾ ਸਬੰਧੀ ਪਾਬੰਦੀ ਲਗਾਏ ਜਾਣ ਦੇ ਐਲਾਨ ਨਾਲ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵੱਧ ਗਿਆ ਹੈ। ਚੀਨ ਨੇ ਕਿਹਾ ਹੈ ਕਿ ਉਸ ਦੇ ਅਧਿਕਾਰੀਆਂ ਦੇ ਵੀਜ਼ਾ 'ਤੇ ਅਮਰੀਕੀ ਪਾਬੰਦੀ ਅੰਤਰਰਾਸ਼ਟਰੀ ਸੰਬੰਧਾਂ ਦੇ ਮਾਪਦੰਡਾਂ ਦੀ ਗੰਭੀਰ ਉਲੰਘਣਾ ਹੈ। ਇਸ ਦੇ ਨਾਲ ਹੀ ਇਹ ਸ਼ਿਨਜਿਆਂਗ ਸੂਬੇ ਵਿਚ ਉਇਗਰ ਮੁਸਲਾਮਾਨਾਂ ਦੇ ਮਾਮਲੇ ਦਾ ਜ਼ਿਕਰ ਕਰਨਾ ਉਸ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਹੈ।
ਇੱਥੇ ਸਥਿਤ ਚੀਨੀ ਦੂਤਘਰ ਨੇ ਮੰਗਲਵਾਰ ਨੂੰ ਟਵੀਟ ਕਰ ਕੇ ਕਿਹਾ,''ਚੀਨ ਦੇ ਕਈ ਸੰਗਠਨਾਂ ਅਤੇ ਕੰਪਨੀਆਂ ਨੂੰ ਕੱਲ ਕਾਲੀ ਸੂਚੀ ਵਿਚ ਪਾਉਣ ਦੇ ਬਾਅਦ ਅਮਰੀਕਾ ਨੇ ਮਨੁੱਖੀ ਅਧਿਕਾਰਾਂ ਦੇ ਬਹਾਨੇ ਇਕ ਕਦਮ ਹੋਰ ਵੱਧਦੇ ਹੋਏ ਅੱਜ ਸਾਡੇ ਅਧਿਕਾਰੀਆਂ ਦੇ ਵੀਜ਼ਾ 'ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ। ਅਮਰੀਕਾ ਦਾ ਇਹ ਕਦਮ ਅੰਤਰਰਾਸ਼ਟਰੀ ਸੰਬੰਧਾਂ ਦੇ ਮੁੱਢਲੇ ਮਾਪਦੰਡ ਦੀ ਗੰਭੀਰ ਉਲੰਘਣਾ ਹੈ ਅਤੇ ਸਾਡੇ ਅੰਦਰੂਨੀ ਮਾਮਲਿਆਂ ਵਿਚ ਦਖਲ ਅੰਦਾਜ਼ੀ ਦੇ ਨਾਲ-ਨਾਲ ਸਾਡੇ ਹਿੱਤਾਂ ਲਈ ਨੁਕਸਾਨਦਾਇਕ ਵੀ ਹੈ।''
ਇਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਮੰਤਰੀ ਮਾਇਕ ਪੋਂਪਿਓ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ 10 ਲੱਖ ਤੋਂ ਵੱਧ ਮੁਸਲਮਾਨਾਂ ਦੇ ਨਾਲ ਬੇਰਹਿਮੀ ਅਤੇ ਅਣਮਨੁੱਖੀ ਵਿਵਹਾਰ ਕਰਨ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਹਿਰਾਸਤ ਵਿਚ ਰੱਖਣ ਨੂੰ ਲੈ ਕੇ ਚੀਨ ਦੀ ਸਰਕਾਰ ਅਤੇ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਵਿਰੁੱਧ ਵੀਜ਼ਾ ਸਬੰਧੀ ਪਾਬੰਦੀ ਲਗਾਉਣ ਦਾ ਐਲਾਨ ਕੀਤਾ।ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਚੀਨ ਦੇ ਸੀਨੀਅਰ ਪ੍ਰਤੀਨਿਧੀਆਂ ਵਿਚ ਵੀਰਵਾਰ (10 ਅਕਤੂਬਰ) ਤੋਂ ਵਪਾਰ ਵਾਰਤਾ ਦੇ ਅਗਲੇ ਦੌਰ ਦੀ ਵਾਰਤਾ ਪ੍ਰਸਤਾਵਿਤ ਹੈ।