ਚੀਨ ਨੇ ਭਾਰਤ ਦੀ ਉੱਤਰੀ ਸਰਹੱਦ ‘ਤੇ 60,000 ਫੌਜੀ ਕੀਤੇ ਤਾਇਨਾਤ : ਪੋਂਪੀਓ

ਵਾਸ਼ਿੰਗਟਨ- ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ‘ਖਰਾਬ ਵਤੀਰੇ‘ ਤੇ ਕਵਾਡ ਸਮੂਹ ਦੇ ਦੇਸ਼ਾਂ ਦੇ ਸਾਹਮਣੇ ਖਤਰੇ ਪੈਦਾ ਕਰਨ ਦੇ ਲਈ ਚੀਨ ਨੂੰ ਲੰਬੇ ਹੱਥੀ ਲੈਂਦੇ ਹੋਏ ਕਿਹਾ ਹੈ ਕਿ ਉਸ ਨੇ ਭਾਰਤ ਦੀ ਉੱਤਰੀ ਸਰਹੱਦ ‘ਤੇ 60 ਹਜ਼ਾਰ ਫੌਜੀ ਤਾਇਨਾਤ ਕੀਤੇ ਹਨ। ਅਮਰੀਕਾ, ਜਾਪਾਨ, ਭਾਰਤ ਤੇ ਆਸਟਰੇਲੀਆ ‘ਤੇ ਆਧਾਰਿਤ ‘ਕਵਾਡ‘ ਦੇਸ਼ਾਂ ਦੇ ਵਿਦੇਸ਼ ਮੰਤਰੀ ਮੰਗਲਵਾਰ ਨੂੰ ਟੋਕਿਓ ਵਿਚ ਮਿਲੇ ਸਨ। ਕੋਰੋਨਾ ਵਾਇਰਸ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਤੋਂ ਵਿਅਕਤੀਗਤ ਮੌਜੂਦਗੀ ਵਾਲੀ ਇਹ ਪਹਿਲੀ ਗੱਲਬਾਤ ਸੀ।
ਇਹ ਬੈਠਕ ਹਿੰਦ ਪ੍ਰਸ਼ਾਂਤ ਖੇਤਰ, ਦੱਖਣੀ ਚੀਨ ਸਾਗਰ ਤੇ ਪੂਰਬੀ ਲੱਦਾਖ ਵਿਚ ਅਸਲ ਕੰਟਰੋਲ ਲਾਈਨ ‘ਤੇ ਚੀਨ ਦੇ ਹਮਲਾਵਰ ਫੌਜੀ ਵਤੀਰੇ ਦੀ ਪਿੱਠਭੂਮੀ ਵਿਚ ਹੋਈ। ਇਕ ਹੋਰ ਇੰਟਰਵਿਊ ਵਿਚ ਪੋਂਪੀਓ ਨੇ ਕਿਹਾ ਕਿ ਕਵਾਡ ਦੇਸ਼ਾਂ ਦੇ ਵਿਦੇਸ਼ ਮੰਤਕਰੀਆਂ ਦੇ ਨਾਲ ਬੈਠਕਾਂ ਵਿਚ ਸਮਝ ਤੇ ਨੀਤੀਆਂ ਵਿਕਸਿਤ ਹੋਣਾ ਸ਼ੁਰੂ ਹੋਈਆਂ ਹਨ, ਜਿਨ੍ਹਾਂ ਦੇ ਰਾਹੀਂ ਇਹ ਦੇਸ਼ ਉਨ੍ਹਾਂ ਦੇ ਸਾਹਮਣੇ ਚੀਨ ਦੀ ਕਮਿਊਨਿਸਟ ਪਾਰਟੀ ਵਲੋਂ ਪੇਸ਼ ਖਤਰਿਆਂ ਦਾ ਇਕਜੁੱਟ ਹੋ ਕੇ ਵਿਰੋਧ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲੜਾਈ ਵਿਚ ਅਸਲ ਵਿਚ ਭਾਰਤ ਨੂੰ ਇਕ ਸਹਿਯੋਗੀ ਤੇ ਸਾਂਝੀਦਾਰ ਦੇ ਰੂਪ ਵਿਚ ਅਮਰੀਕਾ ਦੀ ਲੋੜ ਹੈ।