ਚੇਅਰਮੈਨੀ ਦਾ ਤਾਜ: ਮਾਲ ਮੰਤਰੀ ਦੇ ਫਰਜ਼ੰਦ ਦੀ ਚੋਣ ਦਾ ਪੇਚਾ ਫਸਿਆ

ਚੇਅਰਮੈਨੀ ਦਾ ਤਾਜ: ਮਾਲ ਮੰਤਰੀ ਦੇ ਫਰਜ਼ੰਦ ਦੀ ਚੋਣ ਦਾ ਪੇਚਾ ਫਸਿਆ

ਬਠਿੰਡਾ ਦੀ ਸੌ ਕਰੋੜੀ ਘਾਟੇ ਵਾਲੀ ਕੇਂਦਰੀ ਸਹਿਕਾਰੀ ਬੈਂਕ ਦੀ ਚੇਅਰਮੈਨੀ ਦਾ ਪੇਚਾ ਫਸ ਗਿਆ ਹੈ। ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੇ ਲੜਕੇ ਹਰਮਨਵੀਰ ਕਾਂਗੜ ਨੂੰ ਅੱਜ ਚੇਅਰਮੈਨੀ ਦਾ ਤਾਜ ਪਹਿਨਾਏ ਜਾਣ ਦੀ ਪੂਰੀ ਤਿਆਰੀ ਸੀ। ਹਰਮਨਵੀਰ ਅੱਜ ਸੈਂਕੜੇ ਨੌਜਵਾਨਾਂ ਸਮੇਤ ਪੁੱਜਾ ਹੋਇਆ ਸੀ। ਐਨ ਮੌਕੇ ’ਤੇ ਕੋਈ ਸਿਆਸੀ ਅੜਿੱਕਾ ਖੜ੍ਹਾ ਹੋ ਗਿਆ, ਜਿਸ ਕਰਕੇ ਚੇਅਰਮੈਨੀ ਦੀ ਚੋਣ ਮੁਲਤਵੀ ਕਰਨੀ ਪਈ। ਸਹਿਕਾਰੀ ਬੈਂਕ ਦੇ ਕੁਝ ਦਿਨ ਪਹਿਲਾਂ 9 ਕਾਂਗਰਸੀ ਡਾਇਰੈਕਟਰ ਚੁਣੇ ਗਏ ਸਨ ਅਤੇ ਅੱਜ ਚੇਅਰਮੈਨੀ ਦੀ ਚੋੋਣ ਵਾਸਤੇ ਡਾਇਰੈਕਟਰਾਂ ਦੀ ਮੀਟਿੰਗ ਬੁਲਾਈ ਗਈ ਸੀ। ਇਨ੍ਹਾਂ ਡਾਇਰੈਕਟਰਾਂ ਨੇ ਹੀ ਚੇਅਰਮੈਨ ਦੀ ਚੋਣ ਕਰਨੀ ਸੀ।
ਵੇਰਵਿਆਂ ਅਨੁਸਾਰ ਚੇਅਰਮੈਨ ਦੀ ਚੋਣ ਮੁਲਤਵੀ ਕਰਨ ਦੀ ਵਜ੍ਹਾ ਇਹੋ ਦੱਸੀ ਜਾ ਰਹੀ ਹੈ ਕਿ ਸਰਕਾਰੀ ਨੁਮਾਇੰਦੇ ਹਾਜ਼ਰ ਨਹੀਂ ਸਨ। ਜਦੋਂ ਮੀਟਿੰਗ ਪਹਿਲਾਂ ਹੀ ਤੈਅ ਸੀ ਤਾਂ ਸਰਕਾਰੀ ਪ੍ਰਤੀਨਿਧ ਐਨ ਮੌਕੇ ’ਤੇ ਕਿਵੇਂ ਗੈਰਹਾਜ਼ਰ ਹੋ ਗਏ, ਸਮਝ ਤੋਂ ਬਾਹਰ ਹੈ ਪ੍ਰੰਤੂ ਸਿਆਸੀ ਮਾਹਿਰ ਜਾਣੀਜਾਣ ਹਨ। ਮਾਹਿਰ ਦੱਸਦੇ ਹਨ ਕਿ ਜਦੋਂ ਚੋਣ ਡਾਇਰੈਕਟਰਾਂ ਨੇ ਕਰਨੀ ਸੀ ਤਾਂ ਸਰਕਾਰੀ ਪ੍ਰਤੀਨਿਧਾਂ ਦੀ ਹਾਜ਼ਰੀ ਦੀ ਕੋਈ ਤੁਕ ਨਹੀਂ ਬਣਦੀ, ਕਿਉਂਕਿ ਸਰਕਾਰੀ ਪ੍ਰਤੀਨਿਧਾਂ ਨੂੰ ਤਾਂ ਕੋਈ ਵੋਟ ਦਾ ਅਧਿਕਾਰ ਹੁੰਦਾ ਹੀ ਨਹੀਂ। ਸਟੇਟ ਦੀ ਸਹਿਕਾਰੀ ਬੈਂਕ ਤਰਫ਼ੋਂ ਐਮ.ਡੀ ਮੁਕਤਸਰ, ਰਜਿਸਟਰਾਰ ਤਰਫੋਂ ਡੀ.ਆਰ ਅਤੇ ਵਿੱਤ ਦੀ ਤਰਫੋਂ ਏ.ਆਰ ਨੇ ਹਾਜ਼ਰ ਹੋਣਾ ਸੀ। ਕੋਈ ਸਰਕਾਰੀ ਨੁਮਾਇੰਦਾ ਹਾਜ਼ਰ ਨਾ ਹੋਇਆ। ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਆਪਣੇ ਫਰਜ਼ੰਦ ਹਰਮਨਵੀਰ ਕਾਂਗੜ ਨੂੰ ਚੇਅਰਮੈਨੀ ਦੀ ਕੁਰਸੀ ’ਤੇ ਬਿਠਾਉਣਾ ਚਾਹੁੰਦੇ ਹਨ ਕਿਉਂਕਿ ਗੱਠਜੋੜ ਸਰਕਾਰ ਸਮੇਂ ਤਤਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਆਪਣੇ ਲੜਕੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਇਹ ਕੁਰਸੀ ਦਿੱਤੀ ਸੀ। ਸੂਤਰ ਦੱਸਦੇ ਹਨ ਕਿ ਦੂਸਰੀ ਤਰਫ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਨੇੜਲੇ ਡਾਇਰੈਕਟਰ ਟਹਿਲ ਸਿੰਘ ਸੰਧੂ ਨੂੰ ਚੇਅਰਮੈਨ ਬਣਾਉਣ ਦੇ ਇੱਛੁਕ ਹਨ। ਅੱਜ ਹਰਮਨਵੀਰ ਕਾਂਗੜ 6 ਹੋਰਨਾਂ ਡਾਇਰੈਕਟਰਾਂ ਸਮੇਤ ਇਕੱਠੇ ਮੀਟਿੰਗ ਵਿਚ ਆਏ, ਜਿਸ ਤੋਂ ਸਾਫ ਹੈ ਕਿ ਬਹੁਗਿਣਤੀ ਡਾਇਰੈਕਟਰ ਮਾਲ ਮੰਤਰੀ ਦੇ ਪਾਲੇ ਵਿਚ ਖੜ੍ਹੇ ਹਨ। ਜਦੋਂ ਰਾਹ ਪੱਧਰਾ ਸੀ ਤਾਂ ਅਚਨਚੇਤ ਚੋਣ ਕਿਉਂ ਟਾਲੀ ਗਈ। ਸੂਤਰ ਦੱਸਦੇ ਹਨ ਕਿ ਸਹਿਕਾਰਤਾ ਮਹਿਕਮੇ ਦੇ ਉੱਚ ਅਫ਼ਸਰ ਤਰਫ਼ੋਂ ਫੋਨ ਆਉਣ ਕਰਕੇ ਮੀਟਿੰਗ ਮੁਲਤਵੀ ਕੀਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮਾਲ ਮੰਤਰੀ ਦੂਸਰੀ ਧਿਰ ਦੇ ਡਾਇਰੈਕਟਰ ਤੋਂ ਇਸ ਗੱਲੋਂ ਅੰਦਰੋਂ ਅੰਦਰੀ ਨਾਰਾਜ਼ ਹਨ ਕਿਉਂਕਿ ਉਸ ਡਾਇਰੈਕਟਰ ਨੇ ਅਕਾਲੀ ਰਾਜ ਸਮੇਂ ਗੁਰਪ੍ਰੀਤ ਸਿੰਘ ਮਲੂਕਾ ਨੂੰ ਚੇਅਰਮੈਨੀ ਦੀ ਗੱਦੀ ’ਤੇ ਬਿਠਾਉਣ ਲਈ ਵੋਟ ਪਾਈ ਸੀ। ਦੱਸਦੇ ਹਨ ਕਿ ਚੇਅਰਮੈਨੀ ਦਾ ਤਾਜ ਅੱਜ ਸਜਣ ਦੀ ਖੁਸ਼ੀ ਵਿਚ ਕਾਫ਼ੀ ਵਰਕਰ ਵੀ ਆਏ ਹੋਏ ਸਨ। ਫੁੱਲਾਂ ਦੇ ਹਾਰ ਵੀ ਕੋਲ ਰੱਖੇ ਹੋਏ ਸਨ ਅਤੇ ਖਾਣ ਪੀਣ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਮੀਟਿੰਗ ਰੱਦ ਹੋਣ ਕਰਕੇ ਸਭ ਇੰਤਜ਼ਾਮ ਧਰੇ ਧਰਾਏ ਰਹਿ ਗਏ। ਦੱਸਣਯੋਗ ਹੈ ਕਿ ਇਹ ਸਹਿਕਾਰੀ ਬੈਂਕ ਕਰੋੜਾਂ ਰੁਪਏ ਦੇ ਘਾਟੇ ਹੇਠ ਹੈ ਅਤੇ ਇਸ ਚੇਅਰਮੈਨੀ ਦੀ ਨਵੇਂ ਚੇਅਰਮੈਨ ਲਈ ਸਿਵਾਏ ਸਿਆਸੀ ਵਾਹ ਵਾਹ ਤੋਂ ਘਾਟੇ ਦਾ ਸੌਦਾ ਬਣ ਸਕਦੀ ਹੈ। ਅੱਜ ਮੀਟਿੰਗ ਮੌਕੇ ਹਾਜ਼ਰ ਡਾਇਰੈਕਟਰਾਂ ਵਿਚ ਗੁਰਭਗਤ ਸਿੰਘ, ਅਮਰਜੀਤ ਸਿੰਘ, ਹਰਮਨਵੀਰ ਸਿੰਘ ਕਾਂਗੜ, ਨਵਤੇਜ ਸਿੰਘ, ਰਾਜਵੀਰ ਸਿੰਘ, ਜਗਸੀਰ ਸਿੰਘ, ਕੌਰ ਸਿੰਘ, ਟਹਿਲ ਸਿੰਘ ਤੇ ਸੁਖਦੀਪ ਸਿੰਘ ਭਿੰਡਰ ਹਾਜ਼ਰ ਸਨ। ਆਖ਼ਰ ਅੱਜ ਨਵੇਂ ਡਾਇਰੈਕਟਰਾਂ ਨੂੰ ਮੀਟਿੰਗ ਵਿਚ ਇਕੱਲੇ ਪਕੌੜੇ ਖਾ ਕੇ ਹੀ ਮੁੜਨਾ ਪਿਆ।
ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਨੇੜਲਿਆਂ ਵਿੱਚ ਡਾਇਰੈਕਟਰ ਐਡਵੋਕੇਟ ਸੁਖਦੀਪ ਸਿੰਘ ਭਿੰਡਰ ਵੀ ਸ਼ਾਮਲ ਹੈ, ਜੋ ਸਟੇਟ ਬਾਡੀ ਲਈ ਪ੍ਰਤੀਨਿਧ ਦੇ ਤੌਰ ’ਤੇ ਜਾਣ ਦੇ ਇੱਛੁਕ ਜਾਪਦੇ ਹਨ। ਦੂਸਰੀ ਤਰਫ਼ ਗੁਰਪ੍ਰੀਤ ਸਿੰਘ ਮਲੂਕਾ ਪਹਿਲਾਂ ਹੀ ਆਖ ਚੁੱਕੇ ਹਨ ਕਿ ਕਾਂਗਰਸ ਨੇ ਧਾਂਦਲੀ ਕੀਤੀ ਹੈ ਅਤੇ ਅਕਾਲੀ ਉਮੀਦਵਾਰਾਂ ਨੂੰ ਪੁਲੀਸ ਦੇ ਜ਼ੋਰ ’ਤੇ ਕਾਗ਼ਜ਼ ਦਾਖ਼ਲ ਨਹੀਂ ਕਰਨ ਦਿੱਤੇ ਹਨ। ਸਰਕਾਰੀ ਪੱਖ ਲੈਣ ਲਈ ਜ਼ਿਲ੍ਹਾ ਮੈਨੇਜਰ ਨੂੰ ਫੋਨ ਕੀਤਾ ਜੋ ਉਨ੍ਹਾਂ ਚੁੱਕਿਆ ਨਹੀਂ।

Radio Mirchi