ਚੋਣਾਂ ਵਿੱਚ ਦੇਰੀ ਕਰਨ ਦੇ ਬਿਆਨ ਤੋਂ ਪਿੱਛੇ ਹਟੇ ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਹ ਚੋਣਾਂ ’ਚ ਦੇਰੀ ਨਹੀਂ ਕਰਨਾ ਚਾਹੁੰਦੇ ਪਰ ਉਨ੍ਹਾਂ ਨੂੰ ਖਦਸ਼ਾ ਹੈ ਕਿ ਡਾਕ ਰਾਹੀਂ ਵੋਟਿੰਗ ਦੀ ਗਿਣਤੀ ’ਚ ਹਫ਼ਤਿਆਂ ਦਾ ਸਮਾਂ ਲੱਗ ਸਕਦਾ ਹੈ ਅਤੇ ਚੋਣ ਨਤੀਜੇ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਤਿੰਨ ਨਵੰਬਰ ਨੂੰ ਹੋਣੀਆਂ ਹਨ। ਦੂਜੇ ਕਾਰਜਕਾਲ ਲਈ ਰਿਪਬਲਿਕਨ ਦੇ ਉਮੀਦਵਾਰ ਟਰੰਪ ਨੂੰ ਡੈਮੋਕਰੈਟ ਉਮੀਦਵਾਰ ਤੇ ਸਾਬਕਾ ਉੱਪ ਰਾਸ਼ਟਰਪਤੀ ਜੋਅ ਬਿਡੇਨ ਤੋਂ ਸਖ਼ਤ ਟੱਕਰ ਮਿਲ ਰਹੀ ਹੈ ਕਿਉਂਕਿ ਸਰਵੇਖਣਾਂ ’ਚ ਬਿਡੇਨ ਅੱਗੇ ਚੱਲ ਰਹੇ ਹਨ। ਟਰੰਪ ਨੇ ਬੀਤੇ ਦਿਨ ਰਾਸ਼ਟਰਪਤੀ ਚੋਣਾਂ ਟਾਲਣ ਦੀ ਗੱਲ ਕਹੀ ਸੀ ਜਿਸ ਦੀ ਵਿਰੋਧੀ ਧਿਰ ਵੱਲੋਂ ਆਲੋਚਨਾ ਕੀਤੇ ਜਾਣ ਮਗਰੋਂ ਉਹ ਆਪਣੀ ਗੱਲ ਤੋਂ ਪਿੱਛੇ ਹੱਟ ਗਏ ਹਨ। ਟਰੰਪ ਨੇ ਟਵੀਟ ਕੀਤਾ, ‘ਸਾਰਿਆਂ ਲਈ ਡਾਕ ਰਹੀਂ ਵੋਟਿੰਗ ਇਤਿਹਾਸ ’ਚ ਸਭ ਤੋਂ ਗਲਤ ਤੇ ਧੋਖਾ ਦੇਣ ਵਾਲੀਆਂ ਚੋਣਾਂ ਹੋਣਗੀਆਂ। ਇਹ ਅਮਰੀਕਾ ਲਈ ਵੱਡੀ ਸ਼ਰਮ ਦੀ ਗੱਲ ਹੋਵੇਗੀ। ਲੋਕ ਜਦੋਂ ਸਹੀ ਢੰਗ ਨਾਲ ਅਤੇ ਸੁਰੱਖਿਅਤ ਵੋਟ ਪਾ ਸਕਣ, ਉਸੇ ਸਮੇਂ ਚੋਣਾਂ ਕਰਵਾਈਆਂ ਜਾਣ।’ ਟਰੰਪ ਨੇ ਦਲੀਲ ਦਿੱਤੀ ਕਿ ਡਾਕ ਰਹੀਂ ਵੋਟਿੰਗ ’ਚ ਧਾਂਦਲੀ ਹੋ ਸਕਦੀ ਹੈ ਤੇ ਇਨ੍ਹਾਂ ਦੀ ਗਿਣਤੀ ’ਚ ਵੀ ਸਮਾਂ ਲੱਗ ਸਕਦਾ ਹੈ।