ਚੰਗਾਲੀਵਾਲਾ ਮਾਮਲਾ: ਮੁਜ਼ਾਹਰਾਕਾਰੀਆਂ ਤੇ ਸਰਕਾਰ ਵਿਚਾਲੇ ਸਮਝੌਤਾ
ਚੰਡੀਗੜ੍ਹ/ ਲਹਿਰਾਗਾਗਾ-ਪੰਜਾਬ ਸਰਕਾਰ ਅਤੇ ਸੰਗਰੂਰ ਜ਼ਿਲ੍ਹੇ ਦੇ ਚੰਗਾਲੀਵਾਲਾ ਪਿੰਡ ਦੇ ਮਰਹੂਮ ਜਗਮੇਲ ਸਿੰਘ ਦੇ ਵਾਰਸਾਂ ਅਤੇ ਪੀੜਿਤ ਪਰਿਵਾਰ ਨੂੰ ਇਨਸਾਫ ਦਿਵਾਉਣ ’ਚ ਜੁਟੀਆਂ ਜਥੇਬੰਦੀਆਂ ਵਿਚਾਲੇ ਸਮਝੌਤਾ ਸਿਰੇ ਚੜ੍ਹ ਗਿਆ ਹੈ, ਜਿਸ ਤੋਂ ਬਾਅਦ ਧਰਨਾ ਚੁੱਕ ਲਿਆ ਗਿਆ।
ਸਮਝੌਤੇ ਤਹਿਤ ਵਾਰਸਾਂ ਨੂੰ ਵੀਹ ਲੱਖ ਰੁਪਏ ਮੁਆਵਜ਼ਾ, ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ, ਮਕਾਨ ਦੀ ਮੁਰੰਮਤ ਲਈ ਸਵਾ ਲੱਖ ਰੁਪਏ ਅਤੇ ਬੱਚਿਆਂ ਦੀ ਪੜ੍ਹਾਈ ਅਤੇ ਭੋਗ ਦਾ ਸਾਰਾ ਖਰਚ ਪੰਜਾਬ ਸਰਕਾਰ ਚੁੱਕੇਗੀ। ਇਕ ਦਿਨ ਪਹਿਲਾਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਵੀ ਸਮਝੌਤਾ ਕਰਵਾਉਣ ਦੇ ਯਤਨ ਕੀਤੇ ਸਨ, ਜੋ ਅਸਫ਼ਲ ਰਹੇ ਸਨ।
ਸਮਝੌਤੇ ’ਤੇ ਸਰਕਾਰ ਵੱਲੋਂ ਤਿੰਨ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਚਰਨਜੀਤ ਸਿੰਘ ਚੰਨੀ, ਵਿਜੈਇੰਦਰ ਸਿੰਗਲਾ, ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਸੰਦੀਪ ਸਿੰਘ ਸੰਧੂ ਅਤੇ ਪੀੜਿਤ ਪਰਿਵਾਰ ਵੱਲੋਂ ਮਰਹੂਮ ਦੀ ਪਤਨੀ ਮਨਜੀਤ ਕੌਰ, ਗੁਰਦੀਪ ਸਿੰਘ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਗੁਰਮੁਖ ਸਿੰਘ, ਗੁਰਪ੍ਰੀਤ ਸਿੰਘ, ਪੀ.ਐਸ.ਯੁੂ. ਦੇ ਰਣਬੀਰ ਰੰਧਾਵਾ, ਮਾਲੇਰਕੋਟਲਾ ਤੋਂ ਬਲਜੀਤ ਕੌਰ ਅਤੇ ਤੇਜ ਕੌਰ ਆਦਿ ਨੇ ਦਸਤਖ਼ਤ ਕੀਤੇ ਹਨ। ਫੈਸਲੇ ਦੀਆਂ ਹੋਰ ਸ਼ਰਤਾਂ ਅੁਨਸਾਰ ਪੁਲੀਸ ਸੱਤ ਦਿਨਾਂ ਚਲਾਨ ਪੇਸ਼ ਕਰੇਗੀ ਅਤੇ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਪੁਲੀਸ ਵਿਭਾਗ ਵੱਲੋਂ ਲਾਪ੍ਰਵਾਹੀ ਦਿਖਾਉਣ ਦੇ ਮਾਮਲੇ ਦੀ ਜਾਂਚ ਏ.ਡੀ.ਜੀ.ਪੀ. ਪੱਧਰ ਦੇ ਅਧਿਕਾਰੀ ਕੋਲੋਂ ਕਰਵਾਈ ਜਾਵੇਗੀ।
ਮੁਆਵਜ਼ੇ ਦੇ ਵੀਹ ਲੱਖ ਰੁਪਏ ਵਿਚੋਂ ਪੋਸਟਮਾਰਟਮ ਵਾਲੇ ਦਿਨ ਲੱਖ ਰੁਪਏ ਅਤੇ ਭੋਗ ਵਾਲੇ ਦਿਨ ਚੌਦਾਂ ਲੱਖ ਰੁਪਏ ਦਿੱਤੇ ਜਾਣਗੇ। ਪੀੜਤ ਪਰਿਵਾਰ ਲਈ ਛੇ ਮਹੀਨੇ ਦਾ ਰਾਸ਼ਨ ਅਤੇ ਭੋਗ ਦਾ ਸਾਰਾ ਖਰਚਾ ਸਰਕਾਰ ਕਰੇਗੀ। ਨੌਵੀਂ ਅਤੇ ਛੇਵੀਂ ਜਮਾਤ ਵਿਚ ਪੜ੍ਹਦੇ ਬੱਚਿਆਂ ਦਾ ਗਰੈਜੂਏਸ਼ਨ ਤਕ ਦਾ ਸਾਰਾ ਖਰਚਾ ਸਰਕਾਰ ਦੇਵੇਗੀ ਅਤੇ ਪੀੜਿਤ ਦੀ ਪਤਨੀ ਮਨਜੀਤ ਕੌਰ ਜੋ ਪੰਜਵੀਂ ਪਾਸ ਹੈ, ਨੂੰ ਨਿਯਮਾਂ ਵਿਚ ਛੋਟ ਦੇ ਕੇ ਘਰ ਦੇ ਨੇੜੇ ਗਰੁੱਪ ਡੀ. ਵਿਚ ਨੌਕਰੀ ਦਿੱਤੀ ਜਾਵੇਗੀ।