ਚੰਦਰਯਾਨ-3 ਨੂੰ 2021 ਦੇ ਆਰੰਭ ’ਚ ਲਾਂਚ ਕਰਨ ਦੀ ਯੋਜਨਾ

ਚੰਦਰਯਾਨ-3 ਨੂੰ 2021 ਦੇ ਆਰੰਭ ’ਚ ਲਾਂਚ ਕਰਨ ਦੀ ਯੋਜਨਾ

ਚੰਦ ਲਈ ਭਾਰਤ ਦਾ ਪੁਲਾੜ ਮਿਸ਼ਨ ‘ਚੰਦਰਯਾਨ-3’ 2021 ਦੇ ਸ਼ੁਰੂ ਵਿਚ ਲਾਂਚ ਹੋ ਸਕਦਾ ਹੈ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਚੰਦਰਯਾਨ-2 ਵਾਂਗ ਇਸ ਵਿਚ ਔਰਬਿਟਰ ਨਹੀਂ ਹੋਵੇਗਾ, ਪਰ ਲੈਂਡਰ ਤੇ ਰੋਵਰ ਹੋਵੇਗਾ। ਦੱਸਣਯੋਗ ਹੈ ਕਿ ਪਿਛਲੇ ਵਰ੍ਹੇ ਸਤੰਬਰ ਵਿਚ ਚੰਦਰਯਾਨ-2 ਦੀ ਕ੍ਰੈਸ਼ ਲੈਂਡਿੰਗ ਹੋਈ ਸੀ। ਇਸਰੋ ਨੇ ਇਸ ਵਰ੍ਹੇ ਲਈ ਚੰਦ ਲਈ ਇਕ ਹੋਰ ਮਿਸ਼ਨ ਦੀ ਯੋਜਨਾ ਬਣਾਈ ਸੀ। ਹਾਲਾਂਕਿ ਕਰੋਨਾ ਕਾਰਨ ਇਸਰੋ ਦੇ ਕਈ ਪ੍ਰਾਜੈਕਟ ਠੱਪ ਹੋ ਗਏ ਤੇ ਚੰਦਰਯਾਨ-3 ਵੀ ਪੱਛੜ ਗਿਆ। ਇਸਰੋ ਚੰਦ ਦੇ ਦੱਖਣੀ ਧੁਰੇ ਉਤੇ ਲੈਂਡ ਕਰਨ ਦੀ ਯੋਜਨਾ ਬਣਾ ਰਹੀ ਹੈ। ਚੰਦਰਯਾਨ-2 ਪਿਛਲੇ ਸਾਲ 22 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ। ਹਾਲਾਂਕਿ ਲੈਂਡਰ ਵਿਕਰਮ ਨੇ ਸੱਤ ਸਤੰਬਰ ਨੂੰ ਹਾਰਡ ਲੈਂਡਿੰਗ ਕੀਤੀ ਸੀ। ਮਿਸ਼ਨ ਦਾ ਔਰਬਿਟਰ ਠੀਕ ਕੰਮ ਕਰ ਰਿਹਾ ਹੈ ਤੇ ਡੇਟਾ ਭੇਜ ਰਿਹਾ ਹੈ। ਜਿਤੇਂਦਰ ਸਿੰਘ ਪੁਲਾੜ ਵਿਭਾਗ ਦੇ ਰਾਜ ਮੰਤਰੀ ਹਨ। ਇਸਰੋ ਦੇ ਪਹਿਲੇ ਮਿਸ਼ਨ ਚੰਦਰਯਾਨ-1 ਜੋ ਕਿ 2008 ਵਿਚ ਲਾਂਚ ਕੀਤਾ ਗਿਆ ਸੀ, ਨੇ ਤਸਵੀਰਾਂ ਭੇਜੀਆਂ ਸਨ। ਇਸ ਵਿਚ ਨਜ਼ਰ ਆ ਰਿਹਾ ਸੀ ਕਿ ਧਰਤੀ ਦਾ ਸੈਟੇਲਾਈਟ ਸ਼ਾਇਦ ਧੁਰਿਆਂ ਤੋਂ ਜੰਗ ਖਾ ਰਿਹਾ ਹੈ। ਇਸ ਨਾਲ ਸੰਕੇਤ ਮਿਲਿਆ ਸੀ ਕਿ ਚਾਹੇ ਚੰਦ ਪਾਣੀ ਤੇ ਆਕਸੀਜ਼ਨ ਨਾ ਹੋਣ ਲਈ ਜਾਣਿਆ ਜਾਂਦਾ ਹੈ, ਪਰ ਇਹੀ ਦੋਵੇਂ ਤੱਤ ਜੰਗ ਲਾਉਂਦੇ ਹਨ। ਚੰਦ ਲੋਹੇ ਨਾਲ ਭਰਪੂਰ ਚੱਟਾਨਾਂ ਲਈ ਜਾਣਿਆ ਜਾਂਦਾ ਹੈ। ਨਾਸਾ ਦੇ ਇਸ ਬਾਰੇ ਵੱਖ ਵਿਚਾਰ ਹਨ। ਚੰਦਰਯਾਨ-1 ਦੇ ਡੇਟਾ ਮੁਤਾਬਕ ਚੰਦ ਦੇ ਧੁਰਿਆਂ ਉਤੇ ਪਾਣੀ ਹੈ। ਇਸੇ ਨੂੰ ਵਿਗਿਆਨੀ ਸਾਬਿਤ ਕਰਨ ਦਾ ਯਤਨ ਕਰ ਰਹੇ ਹਨ। ਇਸੇ ਦੌਰਾਨ ਭਾਰਤ ਦੇ ਪਹਿਲੇ ਮਨੁੱਖੀ ਮਿਸ਼ਨ ਲਈ ਵੀ ਤਿਆਰੀ ਕੀਤੀ ਜਾ ਰਹੀ ਹੈ। ਸਿਖ਼ਲਾਈ ਤੇ ਹੋਰ ਤਿਆਰੀਆਂ ਜਾਰੀ ਹਨ।

Radio Mirchi