ਛੋਟੀ ਉਮਰੇ ਪੰਜਾਬੀ ਸਿਨੇਮਾ ਚ ਨਾਮਣਾ ਖੱਟਣ ਵਾਲੇ ਨੌਜਵਾਨ ਨਿਰਦੇਸ਼ਕ ਦੀ ਮੌਤ, ਕਲਾਕਾਰਾਂ ਚ ਛਾਇਆ ਮਾਤਮ
ਜਲੰਧਰ : ਕਈ ਅਦਾਕਾਰਾਂ ਨਾਲ ਕੰਮ ਕਰ ਚੁੱਕੇ ਫ਼ਿਲਮੀ ਲੇਖਕ ਤੇ ਮੁੱਖ ਸਹਾਇਕ ਨਿਰਦੇਸ਼ਕ ਬਲਦੇਵ ਘੁੰਮਣ ਦਾ ਬੁੱਧਵਾਰ ਨੂੰ ਤਕਰੀਬਨ 30 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਮੂਲ ਰੂਪ 'ਚ ਲੁਧਿਆਣਾ ਜ਼ਿਲ੍ਹੇ ਦੇ ਮਾਛੀਵਾੜਾ ਸਾਹਿਬ ਨੇੜਲੇ ਪਿੰਡ ਸਿਕੰਦਰਪੁਰ ਦਾ ਜੰਮਪਲ ਬਲਦੇਵ ਕੁਝ ਸਮਾਂ ਪਹਿਲਾਂ ਪਟਿਆਲਾ ਜ਼ਿਲ੍ਹੇ ਦੇ ਸਮਾਣਾ 'ਚ ਰਹਿਣ ਲੱਗ ਪਿਆ ਸੀ।
ਕੁਝ ਸਮਾਂ ਪਟਿਆਲਾ ਦੇ ਹਸਪਤਾਲ 'ਚ ਦਾਖ਼ਲ ਰਹਿਣ ਉਪਰੰਤ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ, ਜਿੱਥੇ ਉਸ ਨੇ ਆਖ਼ਰੀ ਸਾਹ ਲਏ। ਉਸ ਨੇ 'ਸੈਲਿਊਟ', 'ਰੇਡੂਆ', 'ਇਸ਼ਕਾ', '15 ਲੱਖ ਕਦੋਂ ਆਊਗਾ', 'ਕਿੱਟੀ ਪਾਰਟੀ' ਤੇ 'ਦਿਲ ਹੋਣਾ ਚਾਹੀਦਾ ਜਵਾਨ' ਜਿਹੀਆਂ ਫ਼ਿਲਮਾਂ 'ਚ ਬਤੌਰ ਮੁੱਖ ਸਹਾਇਕ ਨਿਰਦੇਸ਼ਕ ਕੰਮ ਕੀਤਾ। ਉਸ ਨੇ 'ਰੇਡੂਆ' ਜਿਹੀ ਯਾਦਗਾਰੀ ਫ਼ਿਲਮ ਦੀ ਪਟਕਥਾ ਵੀ ਲਿਖੀ।
ਉਪਾਸਨਾ ਸਿੰਘ ਵੱਲੋਂ ਨਿਰਦੇਸ਼ਤ 'ਯਾਰਾਂ ਦੀਆਂ ਪੌਂ ਬਾਰਾਂ' ਉਸ ਦੀ ਆਖ਼ਰੀ ਫ਼ਿਲਮ ਸੀ, ਜੋ ਹਾਲੇ ਰਿਲੀਜ਼ ਨਹੀਂ ਹੋ ਸਕੀ। ਹਾਲੇ ਉਹ ਕਈ ਫ਼ਿਲਮਾਂ ਲਈ ਤਿਆਰੀ ਕਰ ਰਿਹਾ ਸੀ। ਉਸ ਨੂੰ ਨਵ ਬਾਜਵਾ, ਰਵਿੰਦਰ ਗਰੇਵਾਲ, ਸੁਖਦੇਵ ਬਰਨਾਲਾ, ਮਲਕੀਤ ਰੌਣੀ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਹਾਰਬੀ ਸੰਘਾ, ਰਾਣਾ ਰਣਬੀਰ, ਉਪਾਸਨਾ ਸਿੰਘ, ਕਾਇਨਾਤ ਅਰੋੜਾ, ਅਨੀਤਾ ਦੇਵਗਨ, ਸ਼ਵਿੰਦਰ ਮਾਹਲ, ਬੀ. ਐੱਨ ਸ਼ਰਮਾ ਜਿਹੇ ਵੱਡੇ ਕਲਾਕਾਰਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਇਸੇ ਸਾਲ ਉਸ ਨੇ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਗੀਤ ਦਾ ਨਿਰਦੇਸ਼ਨ ਕੀਤਾ ਸੀ। ਪੰਜਾਬੀ ਸਿਨੇਮਾ ਦੇ ਪ੍ਰਤਿਭਾਸ਼ੀਲ ਨੌਜਵਾਨ ਦੀ ਮੌਤ 'ਤੇ ਪਾਲੀਵੁੱਡ 'ਚ ਸੋਗ ਦੀ ਲਹਿਰ ਹੈ। ਪੰਜਾਬੀ ਸਿਨੇਮਾ ਨਾਲ ਜੁੜੀਆਂ ਸਾਰੀਆਂ ਹਸਤੀਆਂ ਨੇ ਉਸ ਦੇ ਦਿਹਾਂਤ 'ਤੇ ਦੁੱਖ ਜ਼ਾਹਰ ਕਰ ਰਹੀਆਂ ਹਨ।