ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਕਟੌਤੀ ਦਾ ਫ਼ੈਸਲਾ ਵਾਪਸ ਲਿਆ

ਛੋਟੀਆਂ ਬੱਚਤ ਸਕੀਮਾਂ ’ਤੇ ਵਿਆਜ ਕਟੌਤੀ ਦਾ ਫ਼ੈਸਲਾ ਵਾਪਸ ਲਿਆ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਅੱਜ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ ਵਿੱਚ ਕਟੌਤੀ ਦਾ ਫੈਸਲਾ ਵਾਪਸ ਲੈਣ ਅਤੇ ਪੁਰਾਣੀਆਂ ਦਰਾਂ ਬਰਕਰਾਰ ਰੱਖਣ ਦਾ ਫ਼ੈਸਲਾ ਲੈਂਦਿਆਂ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਦਿਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਸਰਕਾਰ ਪੀਪੀਐੱਫ ਅਤੇ ਐੱਨਐੱਸਸੀ ਵਰਗੀਆਂ ਛੋਟੀਆਂ ਬੱਚਤ ਸਕੀਮਾਂ ਦੇ ਵਿਆਜ਼ ਵਿੱਚ ਕੀਤੀ ਕਟੌਤੀ ਵਾਪਸ ਲੈ ਲਵੇਗੀ ਅਤੇ ਇਹ ਗਲਤੀ ਨਾਲ ਹੋਇਆ ਹੈ।ਵਿਭਾਗ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਫੈਸਲਾ ਕੀਤਾ ਗਿਆ ਹੈ ਕਿ ਇਕ ਅਪਰੈਲ ਤੋਂ ਸ਼ੁਰੂ ਹੋਏ ਵਿੱਤੀ ਵਰ੍ਹੇ 2021-22 ਦੀ ਪਹਿਲੀ ਤਿਮਾਹੀ (ਅਪਰੈਲ-ਜੂਨ) ਲਈ ਛੋਟੀਆਂ ਬੱਚਤ ਯੋਜਨਾਵਾਂ ’ਤੇ ਵਿਆਜ ਦਰਾਂ 2020-21 ਦੀ ਚੌਥੀ ਤਿਮਾਹੀ (ਇਕ ਜਨਵਰੀ 2021 ਤੋਂ 31 ਮਾਰਚ) ਲਈ ਤੈਅ ਦਰਾਂ ਅਨੁਸਾਰ ਰਹੇਗੀ। ਇਸ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। -ਏਜੰਸੀ
ਛੋਟੀਆਂ ਬੱਚਤਾਂ ’ਤੇ ਵਿਆਜ ਦਰਾਂ ਘਟਾਉਣ ਦਾ ਫ਼ੈਸਲਾ ਵਾਪਸ ਲਏ ਜਾਣ ਤੋਂ ਬਾਅਦ ਕਾਂਗਰਸ ਨੇ ਅੱਜ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ’ਤੇ ਨਿਸ਼ਾਨਾ ਸੇਧਦਿਆਂ ਸਵਾਲ ਕੀਤਾ ਕਿ ਵਿਆਜ ਦਰਾਂ ਘਟਾਉਣ ਦਾ ਫ਼ੈਸਲਾ ‘ਭੁੱਲ’ ਸੀ ਜਾਂ ਇਸ ਨੂੰ ਚੋਣਾਂ ਦੇ ਮੱਦੇਨਜ਼ਰ ਵਾਪਸ ਲਿਆ ਗਿਆ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਚੋਣਾਂ ਤੋਂ ਤੁਰੰਤ ਬਾਅਦ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਘਟਾ  ਦਿੱਤੀਆਂ ਜਾਣਗੀਆਂ। ਉਨ੍ਹਾਂ ਹੈਸ਼ਟੈਗ ‘ਭੁੱਲ’ ਦਾ ਇਸਤੇਮਾਲ ਕਰਦਿਆਂ ਹਿੰਦੀ ਵਿੱਚ ਟਵੀਟ ਕਰ ਕੇ ਕਿਹਾ, ‘‘ਪੈਟਰੋਲ ਤੇ ਡੀਜ਼ਲ ’ਤੇ ਵਾਧੂ ਟੈਕਸ ਲਗਾ ਕੇ ਪਹਿਲਾਂ ਹੀ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਅਤੇ ਹੁਣ ਚੋਣਾਂ ਤੋਂ ਤੁਰੰਤ ਬਾਅਦ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਵੀ ਘਟਾ ਦਿੱਤੀਆਂ ਜਾਣਗੀਆਂ ਤੇ ਬੱਚਤਾਂ ਵਿੱਚ ਵੀ ਮੱਧਮ ਵਰਗ ਦੀ ਲੁੱਟ ਕੀਤੀ ਜਾਵੇਗੀ। ਇਹ ਜੁਮਲਿਆਂ ਦੀ ਸਰਕਾਰ ਹੈ ਅਤੇ ਆਮ ਲੋਕਾਂ ਨੂੰ ਲੁੱਟਣ ਵਾਲੀ ਹੈ।’’ ਉੱਧਰ, ਕਾਂਗਰਸੀ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਕਿਹਾ, ‘‘ਸੱਚੀ ਭਾਰਤ ਸਰਕਾਰ ਦੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਘਟਾਉਣ ਸਬੰਧੀ ਹੁਕਮ ਜਾਰੀ ਕਰਨ ਵਿੱਚ ਨਿਰਮਲਾ ਸੀਤਾਰਾਮਨ ਤੋਂ ‘ਭੁੱਲ’ ਹੋਈ ਸੀ ਜਾਂ ਚੋਣਾਂ ਕਰ ਕੇ ਇਸ ਫ਼ੈਸਲੇ ਨੂੰ ਵਾਪਸ ਲਿਆ ਗਿਆ ਹੈ।’’ ਪਾਰਟੀ ਦੇ ਜਨਰਲ ਸਕੱਤਰ ਤੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਨਿਰਮਲਾ ਸੀਤਾਰਾਮਨ ਨੂੰ ਵਿੱਤ ਮੰਤਰੀ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ। ਸੀਨੀਅਰ ਕਾਂਗਰਸੀ ਆਗੂ ਪੀ ਚਿਦੰਬਰਮ ਨੇ ਟਵੀਟ ਕਰ ਕੇ ਕਿਹਾ ਕਿ ਹੁਣ ਜਦੋਂ ਮਹਿੰਗਾਈ ਦੀ ਦਰ ਕਰੀਬ 6 ਫ਼ੀਸਦ ਹੈ ਅਤੇ ਵਧਣ ਦੀ ਆਸ ਹੈ, ਤਾਂ ਅਜਿਹੇ ਵਿਚ ਭਾਜਪਾ ਸਰਕਾਰ 6 ਫ਼ੀਸਦ ਤੋਂ ਹੇਠਾਂ ਵਿਆਜ ਦਰ ਦੇ ਕੇ ਬੱਚਤਕਰਤਾਵਾਂ ਤੇ ਮੱਧਮ ਵਰਗ ਨੂੰ ਨਿਸ਼ਾਨਾ ਬਣਾ ਰਹੀ ਹੈ। 

Radio Mirchi