ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਅਜੀਤ ਜੋਗੀ ਦਾ ਦੇਹਾਂਤ
ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਤੇ ਹਰਮਨਪਿਆਰੇ ਆਗੂ ਅਜੀਤ ਜੋਗੀ ਦਾ ਅੱਜ ਇੱਥੇ ਪ੍ਰਾਈਵੇਟ ਹਸਪਤਾਲ ਵਿਚ ਦੇਹਾਂਤ ਹੋ ਗਿਆ। ਜੋਗੀ (74) ਕਾਫ਼ੀ ਲੰਮਾ ਸਮਾਂ ਸੂਬੇ ਦੀ ਸਿਆਸਤ ’ਤੇ ਛਾਏ ਰਹੇ। ਉਹ ਪਿਛਲੇ 20 ਦਿਨਾਂ ਤੋਂ ਹਸਪਤਾਲ ਦਾਖ਼ਲ ਸਨ ਤੇ ਅੱਜ ਬਾਅਦ ਦੁਪਹਿਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਆਗੂ ਦੀ ਪਤਨੀ ਰੇਨੂੰ ਜੋਗੀ ਕੋਟਾ ਹਲਕੇ ਤੋਂ ਵਿਧਾਇਕ ਹੈ ਤੇ ਪੁੱਤਰ ਅਮਿਤ ਜੋਗੀ ਸਾਬਕਾ ਵਿਧਾਇਕ ਹੈ। ਅਜੀਤ ਨੇ ਬਾਅਦ ਦੁਪਹਿਰ ਕਰੀਬ 3.30 ਵਜੇ ਆਖ਼ਰੀ ਸਾਹ ਲਏ। ਉਨ੍ਹਾਂ ਨੂੰ 9 ਮਈ ਨੂੰ ਸਾਹ ਲੈਣ ਵਿਚ ਤਕਲੀਫ਼ ਤੇ ਦਿਲ ਦਾ ਦੌਰਾ ਪੈਣ ਮਗਰੋਂ ਹਸਪਤਾਲ ਲਿਆਂਦਾ ਗਿਆ ਸੀ ਤੇ ਉਦੋਂ ਤੋਂ ਹੀ ਉਹ ਕੋਮਾ ਵਿਚ ਸਨ। ਜੋਗੀ ਮੌਜੂਦਾ ਸਮੇਂ ਆਪਣੀ ਰਵਾਇਤੀ ਮਰਵਾਹੀ ਸੀਟ ਤੋਂ ਵਿਧਾਇਕ ਸਨ। ਨੌਕਰਸ਼ਾਹ ਤੋਂ ਸਿਆਸਤਦਾਨ ਬਣੇ ਅਜੀਤ ਜੋਗੀ ਜਦ ਛੱਤੀਸਗੜ੍ਹ ਦੇ ਪਹਿਲੇ ਮੁੱਖ ਮੰਤਰੀ ਬਣੇ ਤਾਂ ਉਹ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਸੂਬਾ ਸੰਨ 2000 ਵਿਚ ਹੋਂਦ ’ਚ ਆਇਆ ਸੀ ਤੇ ਉਹ ਨਵੰਬਰ 2000 ਤੋਂ ਨਵੰਬਰ 2003 ਤੱਕ ਮੁੱਖ ਮੰਤਰੀ ਰਹੇ। 2016 ਵਿਚ ਜੋਗੀ ਕਾਂਗਰਸ ਤੋਂ ਉਸ ਵੇਲੇ ਵੱਖ ਹੋ ਗਏ ਜਦ ਉਹ ਤੇ ਉਨ੍ਹਾਂ ਦਾ ਪੁੱਤਰ ਅੰਤਾਗੜ੍ਹ ਹਲਕੇ ਦੀ ਜ਼ਿਮਨੀ ਚੋਣ ਨਾਲ ਜੁੜੇ ਇਕ ਵਿਵਾਦ ਵਿਚ ਘਿਰ ਗਏ। ਇਸ ਤੋਂ ਬਾਅਦ ਉਨ੍ਹਾਂ ਆਪਣੀ ਵੱਖਰੀ ਪਾਰਟੀ ਜਨਤਾ ਕਾਂਗਰਸ ਛੱਤੀਸਗੜ੍ਹ (ਜੇ) ਖੜ੍ਹੀ ਕਰ ਲਈ। ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਰਾਜ ਵਿਚ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਜੋਗੀ ਦੀਆਂ ਅੰਤਿਮ ਰਸਮਾਂ ਉਨ੍ਹਾਂ ਦੇ ਜੱਦੀ ਸ਼ਹਿਰ ਗੌਰੈਲਾ ’ਚ ਭਲਕੇ ਕੀਤੀਆਂ ਜਾਣਗੀਆਂ। 2004 ਵਿਚ ਇਕ ਸੜਕ ਹਾਦਸੇ ਤੋਂ ਬਾਅਦ ਜੋਗੀ ਵ੍ਹੀਲਚੇਅਰ ’ਤੇ ਹੀ ਸਨ।