ਜਲੰਧਰ: ਥਾਣੇ ਦੇ ਮੁਲਾਜ਼ਮਾਂ ਨੂੰ ਹੋਇਆ ਕੋਰੋਨਾ, ਮਹਿਕਮੇ ਨੇ ਨਹੀਂ ਲਈ ਕੋਈ ਸਾਰ
ਜਲੰਧਰ — ਸ਼ਹਿਰ 'ਚ ਕੋਰੋਨਾ ਵਾਇਰਸ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਉਥੇ ਹੀ ਇਕੋ ਵੇਲੇ 3 ਮੁਲਾਜ਼ਮਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਨਾਲ ਥਾਣਾ ਨੰਬਰ 4 'ਚ ਹਫੜਾ-ਦਫੜੀ ਮਚ ਗਈ ਹੈ ਅਤੇ ਬਾਕੀ ਮੁਲਾਜ਼ਮਾਂ 'ਚ ਇਹ ਡਰ ਪੈਦਾ ਹੋ ਗਿਆ ਹੈ ਕਿ ਇਨ੍ਹਾਂ ਪਾਜ਼ੇਟਿਵ ਸਾਥੀਆਂ ਨਾਲ ਕੰਮ ਕਰਦੇ ਸਮੇਂ ਉਨ੍ਹਾਂ ਨੂੰ ਵੀ ਕੋਰੋਨਾ ਨੇ ਆਪਣੀ ਲਪੇਟ 'ਚ ਨਾ ਲੈ ਲਿਆ ਹੋਵੇ।
ਜ਼ਿਕਰਯੋਗ ਹੈ ਕਿ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਦਾ ਸੰਦੇਸ਼ ਦੇਣ ਵਾਲੇ ਪੁਲਸ ਮੁਲਾਜ਼ਮ ਹੁਣ ਖੁਦ ਇਸ ਦੇ ਸ਼ਿਕਾਰ ਹੋ ਗਏ ਹਨ। ਥਾਣਾ ਨੰਬਰ 4 ਦੇ ਏ. ਐੱਸ. ਆਈ. ਸੁਰਿੰਦਰਪਾਲ, ਗੁਰਲਾਲ ਕੰਪਿਊਟਰ ਆਪਰੇਟਰ, ਏ. ਐੱਸ. ਆਈ. ਲੇਖ ਰਾਜ ਦੀਆਂ ਬੀਤੇ ਦਿਨ ਕੋਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਸਨ। ਵੀਰਵਾਰ ਨੂੰ 4 ਮੁਲਾਜ਼ਮਾਂ ਦੇ ਨਮੂਨੇ ਲਏ ਗਏ ਸਨ, ਜਿਨ੍ਹਾਂ ਦੀ ਰਿਪੋਰਟ ਸ਼ਨੀਵਾਰ ਦੇਰ ਰਾਤ ਪਾਜ਼ੇਟਿਵ ਆਈ ਸੀ। ਪਾਜ਼ੇਟਿਵ ਰਿਪੋਰਟ ਵੇਖਦੇ ਹੀ ਡੀ. ਸੀ. ਪੀ. ਗੁਰਮੀਤ ਸਿੰਘ ਅਤੇ ਏ. ਡੀ. ਸੀ. ਪੀ. ਵਤਸਲਾ ਗੁਪਤਾ ਥਾਣੇ ਪਹੁੰਚੇ ਅਤੇ ਤਿੰਨਾਂ ਮੁਲਾਜ਼ਮਾਂ ਨੂੰ ਕੋਵਿਡ-19 ਦੇ ਦਿਸ਼ਾਂ ਨਿਰਦੇਸ਼ਾਂ ਤਹਿਤ 3 ਦਿਨ ਲਈ ਅਲਹਿਦਾ(ਕੁਆਰੰਟਾਈਨ) ਕਰ ਦਿੱਤਾ ਗਿਆ ਅਤੇ ਬਾਕੀ ਮੁਲਾਜ਼ਮਾਂ ਨੂੰ ਸਮਾਜਿਕ ਦੂਰੀ ਬਣਾ ਕੇ ਕੰਮ ਕਰਨ ਲਈ ਕਿਹਾ। ਥਾਣੇ 'ਚ ਇਕੋ ਵੇਲੇ 3 ਮੁਲਾਜ਼ਮ ਪਾਜ਼ੇਟਿਵ ਆਏ ਪਰ ਫਿਰ ਵੀ ਸਿਹਤ ਮਹਿਕਮੇ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਸ਼ਨੀਵਾਰ ਦੇਰ ਰਾਤ ਪਾਜ਼ੇਟਿਵ ਰਿਪੋਰਟ ਮਿਲਣ ਤੋਂ ਬਾਅਦ ਵੀ ਸੋਮਵਾਰ ਤੱਕ ਸਿਹਤ ਅਮਲੇ ਨੇ ਥਾਣੇ ਨੂੰ ਸੀਲ ਨਹੀਂ ਕਰਾਇਆ ਅਤੇ ਨਾ ਹੀ ਸੈਨੇਟਾਈਜ਼ ਕੀਤਾ ਗਿਆ। ਇਨ੍ਹਾਂ ਪਾਜ਼ੇਟਿਵ ਮੁਲਾਜ਼ਮਾਂ ਦੇ ਵੀਰਵਾਰ ਨੂੰ ਨਮੂਨੇ ਲਏ ਗਏ ਸਨ, ਜਿਸ ਦੇ ਬਾਅਦ ਵੀ ਇਹ ਮੁਲਾਜ਼ਮ ਕੰਮ 'ਤੇ ਆਉਂਦੇ ਰਹੇ। ਤਿੰਨਾਂ ਨੂੰ ਅਲਹਿਦਾ(ਕੁਆਰੰਟਾਈਨ) ਨਹੀਂ ਕੀਤਾ ਗਿਆ। ਉਲਟਾ 4 ਦਿਨਾਂ ਵਿਚ ਤਿੰਨਾਂ ਮੁਲਾਜ਼ਮਾਂ ਦੇ ਸੰਪਰਕ 'ਚ ਸੈਂਕੜੇ ਲੋਕ ਆਏ, ਜਿਨ੍ਹਾਂ ਵਿਚੋਂ ਥਾਣੇ ਵਿਚ ਸ਼ਿਕਾਇਤ ਕਰਨ ਵਾਲੇ, ਥਾਣੇ ਦੇ ਮੁਲਾਜ਼ਮ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਸਨ। ਤਿੰਨੋਂ ਮੁਲਾਜ਼ਮ ਬੇਰੋਕ ਡਿਊਟੀ 'ਤੇ ਆਉਂਦੇ ਰਹੇ।
ਮੀਡੀਆ ਅਤੇ ਥਾਣਾ ਨੰਬਰ 4 'ਚ ਸਥਿਤ ਸਾਂਝ ਕੇਂਦਰ ਦੇ ਇੰਚਾਰਜ ਸੰਜੀਵ ਭਨੋਟ ਵੱਲੋਂ ਸਿਹਤ ਮਹਿਕਮੇ ਦੇ ਅਫ਼ਸਰਾਂ ਨੂੰ ਵਾਰ-ਵਾਰ ਸੁਚੇਤ ਕਰਨ 'ਤੇ ਸੋਮਵਾਰ ਦੁਪਹਿਰ 3.25 'ਤੇ ਸਿਹਤ ਮਹਿਕਮੇ ਵੱਲੋਂ ਸਿਵਲ ਹਸਪਤਾਲ 'ਚ ਤਾਇਨਾਤ ਆਸ਼ਾ ਵਰਕਰਾਂ ਨੂੰ ਥਾਣੇ ਨੂੰ ਕੁਆਰੰਟਾਈਨ ਕਰਨ ਲਈ ਭੇਜਿਆ ਗਿਆ।
ਹੈਰਾਨੀਜਨਕ ਗੱਲ ਹੈ ਕਿ ਦੋਵੇਂ ਆਸ਼ਾ ਵਰਕਰਾਂ ਨਾਲ ਕਿਸੇ ਤਰ੍ਹਾਂ ਦੀ ਕੋਈ ਵੀ ਗੱਡੀ ਉਥੇ ਨਹੀਂ ਪਹੁੰਚੀ ਅਤੇ ਨਾ ਹੀ ਥਾਣੇ ਨੂੰ ਸੈਨੇਟਾਈਜ਼ ਕੀਤਾ ਗਿਆ। ਥਾਣੇ ਨੂੰ ਸੀਲ ਕਰਨਾ ਤਾਂ ਦੂਰ ਕਿਸੇ ਤਰ੍ਹਾਂ ਦੇ ਬਚਾਅ ਕਾਰਜ ਸਬੰਧੀ ਕਿਸੇ ਦੀ ਜਾਂਚ ਤੱਕ ਨਹੀਂ ਕੀਤੀ ਗਈ। ਥਾਣੇ ਅਤੇ ਸਾਂਝ ਕੇਂਦਰ ਦੇ ਲਗਭਗ 65 ਮੁਲਾਜ਼ਮਾਂ ਦੇ ਨਮੂਨੇ ਲਏ ਜਾਣਗੇ। ਥਾਣਾ ਨੰਬਰ 4 ਦੇ ਇੰਚਾਰਜ ਰਸ਼ਪਾਲ ਸਿੰਘ ਅਤੇ ਸਾਂਝ ਕੇਂਦਰ ਦੇ ਇੰਚਾਰਜ ਸੰਜੀਵ ਭਨੋਟ ਨੇ ਦੱਸਿਆ ਕਿ ਸਵੇਰੇ 8 ਵਜੇ ਲਗਭਗ 65 ਮੁਲਾਜ਼ਮਾਂ ਦੇ ਕੋਰੋਨਾ ਦੇ ਨਮੂਨੇ ਲਏ ਜਾਣਗੇ, ਜਿਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਸੀਨੀਅਰ ਅਧਿਕਾਰੀਆਂ ਅਤੇ ਸਿਹਤ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣੇ ਦੇ ਮੁਲਾਜ਼ਮਾਂ ਦੇ ਨਾਲ ਹੀ ਸਥਿਤ ਸਾਂਝ ਕੇਂਦਰ ਅਤੇ ਟੀ-ਸਟਾਲ ਚਲਾਉਣ ਵਾਲਿਆਂ ਦੇ ਵੀ ਨਮੂਨੇ ਲਏ ਜਾਣਗੇ। ਸਿਹਤ ਮਹਿਕਮੇ ਦੀ ਆਸ਼ਾ ਵਰਕਰ ਨੀਤੂ ਅਤੇ ਮਧੂ ਬਾਲਾ ਨੇ ਦੱਸਿਆ ਕਿ ਕੋਵਿਡ-19 ਤਹਿਤ ਥਾਣੇ ਦੇ ਲਗਭਗ 58 ਅਤੇ ਸਾਂਝ ਕੇਂਦਰ ਦੇ ਲਗਭਗ 7 ਅਤੇ ਚਾਹ ਵਾਲਿਆਂ ਦੀ ਸੂਚੀ ਤਿਆਰ ਕਰਕੇ ਮਹਿਕਮੇ ਨੂੰ ਭੇਜ ਦਿੱਤੀ ਗਈ ਹੈ। ਜਿਨ੍ਹਾਂ ਨੂੰ 15 ਜੂਨ ਤੋਂ 29 ਜੂਨ ਤੱਕ ਅਲਹਿਦਾ(ਕੁਆਰੰਟਾਈਨ) ਕਰ ਦਿੱਤਾ ਗਿਆ ਹੈ।
ਸਿਹਤ ਮਹਿਕਮੇ ਨੇ ਕੀਤਾ ਪੁਲਸ ਮਹਿਕਮੇ ਨਾਲ ਭੇਦਭਾਵ, ਮੁਲਾਜ਼ਮਾਂ 'ਚ ਰੋਸ
ਥਾਣੇ 'ਚ 3 ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਜਿਸ ਤਰ੍ਹਾਂ ਸਿਹਤ ਮਹਿਕਮਾ ਜਾਗਿਆ ਨਹੀਂ, ਉਸ ਨੂੰ ਲੈ ਕੇ ਥਾਣੇ 'ਚ ਮੌਜੂਦ ਪੁਲਸ ਮੁਲਾਜ਼ਮਾਂ 'ਚ ਰੋਸ ਸੀ। ਭਾਵੁਕ ਹੁੰਦੇ ਹੋਏ ਪੁਲਸ ਮੁਲਾਜ਼ਮਾਂ ਨੇ ਮੀਡੀਆ ਨੂੰ ਦੱਸਿਆ ਕਿ ਸਿਹਤ ਮਹਿਕਮਾ ਉਨ੍ਹਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਿਹਾ। ਜੇਕਰ ਇਕ ਮੁਹੱਲੇ ਜਾਂ ਇਲਾਕੇ 'ਚ ਕੋਈ ਕੋਰੋਨਾ ਪਾਜ਼ੇਟਿਵ ਆਇਆ ਹੁੰਦਾ ਤਾਂ ਪੁਲਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਉਥੋਂ ਦਾ ਸਾਰਾ ਇਲਾਕਾ ਸੀਲ ਕਰਵਾ ਦਿੱਤਾ ਜਾਂਦਾ ਸੀ ਅਤੇ ਸਿਹਤ ਮਹਿਕਮੇ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਜਾਂਦੀਆਂ ਸਨ ਅਤੇ ਮਰੀਜ਼ ਦੇ ਨਜ਼ਦੀਕੀਆਂ ਨੂੰ ਕੁਆਰੰਟਾਈਨ ਕਰ ਦਿੱਤਾ ਜਾਂਦਾ ਸੀ ਪਰ ਇਨ੍ਹਾਂ ਮਾਮਲਿਆਂ ਤੋਂ ਬਾਅਦ ਪੁਲਸ ਮੁਲਾਜ਼ਮਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਕਿ ਲੋਕਾਂ ਦੀ ਸੇਵਾ ਲਈ ਅਸੀਂ 24 ਘੰਟੇ ਡਿਊਟੀ 'ਤੇ ਖੜ੍ਹੇ ਹਾਂ ਪਰ ਸਾਡੀ ਸੇਵਾ ਲਈ ਸਿਹਤ ਮਹਿਕਮਾ ਇਸ ਤਰ੍ਹਾਂ ਦਾ ਰੁਖ਼ ਅਪਣਾ ਰਿਹਾ ਹੈ। ਇਸ ਸਬੰਧੀ ਜਦੋਂ ਥਾਣਾ ਇੰਚਾਰਜ ਰਸ਼ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅਜੇ ਸਾਰੇ ਮੁਲਾਜ਼ਮਾਂ ਦੀ ਜਾਂਚ ਕਰਵਾਈ ਜਾਵੇਗਾ।
ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਥਾਣੇ ਦੇ ਗੇਟ ਬੰਦ, ਜਨਤਕ ਡੀਲਿੰਗ ਥਾਣੇ ਤੋਂ ਬਾਹਰ
ਥਾਣੇ 'ਚ ਇਕੋ ਵੇਲੇ 3 ਕੋਰੋਨਾ ਪਾਜ਼ੇਟਿਵ ਮਿਲਣ ਨਾਲ ਥਾਣੇ 'ਚ ਹਫੜਾ-ਦਫੜੀ ਮਚ ਗਈ ਹੈ। ਮੁਲਾਜ਼ਮਾਂ ਨੇ ਬਚਾਅ ਸਬੰਧੀ ਥਾਣੇ ਦਾ ਮੁੱਖ ਦਰਵਾਜ਼ਾ ਬੰਦ ਕਰ ਲਿਆ ਅਤੇ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ। ਥਾਣੇ 'ਚ ਮੌਜੂਦ ਮੁਲਾਜ਼ਮਾਂ ਨੇ ਜਨਤਕ ਡੀਲਿੰਗ ਬੰਦ ਕਰਕੇ ਆਪਣੇ ਮੇਜ਼ ਕੁਰਸੀਆਂ ਬਾਹਰ ਲਗਾ ਲਏ ਅਤੇ ਕਿਸੇ ਨੂੰ ਅੰਦਰ ਨਹੀਂ ਆਉਣ ਦਿੱਤਾ। ਬਹੁਤ ਹੀ ਜ਼ਰੂਰੀ ਕੰਮ ਕਰਵਾਉਣ ਵਾਲੇ ਨੂੰ ਹੀ ਅੰਦਰ ਆਉਣ ਦਿੱਤਾ ਜਾਵੇਗਾ। ਪੁਲਸ ਮੁਲਾਜ਼ਮ ਖੁਦ ਧੁੱਪ 'ਚ ਬੈਠ ਕੇ ਜਨਤਕ ਡੀਲਿੰਗ ਕਰਨ ਲੱਗੇ। ਥਾਣੇ ਦੇ ਗੇਟ ਬੰਦ ਹੋਣ ਦੀ ਸੂਚਨਾ ਮਿਲਦੇ ਹੀ ਸੀਨੀਅਰ ਅਧਿਕਾਰੀ ਮੌਕੇ 'ਤੇ ਪਹੁੰਚੇ ਜਿਨ੍ਹਾਂ ਨੇ ਸਾਰੇ ਮੁਲਾਜ਼ਮਾਂ ਨਾਲ ਬੈਠਕ ਕਰਕੇ ਗੇਟ ਖੁਲ੍ਹਵਾਇਆ ਅਤੇ ਮੁੜ ਪਬਲਿਕ ਡੀਲਿੰਗ ਸ਼ੁਰੂ ਕਰਵਾਈ।