ਜਸਟਿਸ ਬੋਬੜੇ ਨੇ ਮੁਲਕ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ

ਜਸਟਿਸ ਬੋਬੜੇ ਨੇ ਮੁਲਕ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਲਿਆ

ਨਵੀਂ ਦਿੱਲੀ-ਇਤਿਹਾਸਕ ਅਯੁੱਧਿਆ ਫ਼ੈਸਲਾ ਸੁਣਾਉਣ ਵਾਲੀ ਸੰਵਿਧਾਨਕ ਬੈਂਚ ’ਚ ਸ਼ੁਮਾਰ ਜਸਟਿਸ ਸ਼ਰਦ ਅਰਵਿੰਦ ਬੋਬੜੇ (63) ਨੂੰ ਅੱਜ ਸਵੇਰੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਮੁਲਕ ਦੇ 47ਵੇਂ ਚੀਫ਼ ਜਸਟਿਸ ਵਜੋਂ ਹਲਫ਼ ਦਿਵਾਇਆ। ਸਵੇਰੇ ਸਾਢੇ 11 ਵਜੇ ਤੋਂ ਉਨ੍ਹਾਂ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਵਜੋਂ ਕੇਸਾਂ ਦੀ ਸੁਣਵਾਈ ਵੀ ਸ਼ੁਰੂ ਕਰ ਦਿੱਤੀ। ਜਸਟਿਸ ਰੰਜਨ ਗੋਗੋਈ ਦੇ ਐਤਵਾਰ ਨੂੰ ਸੇਵਾਮੁਕਤ ਹੋਣ ਮਗਰੋਂ ਜਸਟਿਸ ਬੋਬੜੇ ਸੁਪਰੀਮ ਕੋਰਟ ਦੇ ਨਵੇਂ ਚੀਫ਼ ਜਸਟਿਸ ਬਣੇ ਹਨ। ਰਾਸ਼ਟਰਪਤੀ ਭਵਨ ਦੇ ਦਰਬਾਰ ਹਾਲ ’ਚ ਹੋਏ ਸੰਖੇਪ ਸਮਾਗਮ ਦੌਰਾਨ ਉਨ੍ਹਾਂ ਅੰਗਰੇਜ਼ੀ ’ਚ ਹਲਫ਼ ਲਿਆ। ਜਸਟਿਸ ਬੋਬੜੇ 17 ਮਹੀਨਿਆਂ ਤੱਕ ਚੀਫ਼ ਜਸਟਿਸ ਦੇ ਅਹੁਦੇ ’ਤੇ ਤਾਇਨਾਤ ਰਹਿਣਗੇ ਅਤੇ ਉਹ 23 ਅਪਰੈਲ 2021 ਨੂੰ ਸੇਵਾਮੁਕਤ ਹੋਣਗੇ। ਹਲਫ਼ ਲੈਣ ਮਗਰੋਂ ਉਨ੍ਹਾਂ ਆਪਣੀ ਮਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਲਿਆ ਜਿਨ੍ਹਾਂ ਨੂੰ ਵ੍ਹੀਲਚੇਅਰ ’ਤੇ ਰਾਸ਼ਟਰਪਤੀ ਭਵਨ ’ਚ ਲਿਆਂਦਾ ਗਿਆ ਸੀ। ਇਸ ਮੌਕੇ ਉਪ ਰਾਸ਼ਟਰਪਤੀ ਐੱਮ ਵੈਂਕਈਆ ਨਾਇਡੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਈ ਕੇਂਦਰੀ ਮੰਤਰੀ, ਸਾਬਕਾ ਰਾਸ਼ਟਰਪਤੀ ਹਾਮਿਦ ਅਨਸਾਰੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਸੁਪਰੀਮ ਕੋਰਟ ਦੇ ਸਾਬਕਾ ਚੀਫ਼ ਜਸਟਿਸ ਆਰ ਐੱਮ ਲੋਢਾ, ਟੀ ਐੱਸ ਠਾਕੁਰ ਅਤੇ ਜੇ ਐੱਸ ਖੇਹਰ ਵੀ ਹਾਜ਼ਰ ਸਨ। ਸਾਬਕਾ ਚੀਫ਼ ਜਸਟਿਸ ਗੋਗੋਈ ਇਕੱਠ ’ਚ ਬੈਠੇ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਆਗੂਆਂ ਕੋਲ ਗਏ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ।

Radio Mirchi