ਜ਼ਰੀਨ ਨੇ ਮੇਰੀਕੌਮ ਨਾਲ ਮੁਕਾਬਲੇ ਲਈ ਖੇਡ ਮੰਤਰੀ ਨੂੰ ਪੱਤਰ ਲਿਖਿਆ
ਨਵੀਂ ਦਿੱਲੀ-ਸਾਬਕਾ ਜੂਨੀਅਰ ਵਿਸ਼ਵ ਚੈਂਪੀਅਨ ਨਿਕਹਤ ਜ਼ਰੀਨ ਨੇ ਖੇਡ ਮੰਤਰੀ ਕਿਰਨ ਰਿਜੀਜੂ ਨੂੰ ਪੱਤਰ ਲਿਖ ਕੇ ਓਲੰਪਿਕ ਕੁਆਲੀਫਾਇਰਜ਼ ਲਈ ਭਾਰਤੀ ਟੀਮ ਦੀ ਚੋਣ ਤੋਂ ਪਹਿਲਾਂ ਐੱਮਸੀ ਮੋਰੀਕੌਮ ਖ਼ਿਲਾਫ਼ ਉਸ ਦਾ ਟਰਾਇਲ ਮੁਕਾਬਲਾ ਕਰਵਾਉਣ ਦੀ ਮੰਗ ਕੀਤੀ ਹੈ। ਮੇਰੀਕੌਮ (51 ਕਿਲੋ) ਨੇ ਰੂਸ ’ਚ ਹਾਲ ਹੀ ’ਚ ਖਤਮ ਹੋਈ ਵਿਸ਼ਵ ਚੈਂਪੀਅਨਸ਼ਿਪ ’ਚ ਆਪਣਾ ਅੱਠਵਾਂ ਤਗ਼ਮਾ ਹਾਸਲ ਕੀਤਾ ਹੈ। ਭਾਰਤੀ ਮੁੱਕੇਬਾਜ਼ੀ ਫੈਡਰੇਸ਼ਨ (ਬੀਐੱਫਆਈ) ਨੇ ਉਸ ਸਮੇਂ ਟਰਾਇਲ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਮੇਰੀਕੌਮ ਨੂੰ ਪ੍ਰਦਰਸ਼ਨ ਦੇ ਆਧਾਰ ’ਤੇ ਟੀਮ ’ਚ ਰੱਖਣ ਦਾ ਫ਼ੈਸਲਾ ਕੀਤਾ ਸੀ। ਬੀਐੱਫਆਈ ਦੀ ਹੁਣ ਵਿਸ਼ਵ ਚੈਂਪੀਅਨਸ਼ਿਪ ’ਚ ਕਾਂਸੀ ਤਗ਼ਮਾ ਜਿੱਤਣ ਕਾਰਨ ਓਲੰਪਿਕ ਕੁਆਲੀਫਾਇਰਜ਼ ਲਈ ਵੀ ਮੇਰੀਕੌਮ ਨੂੰ ਭੇਜਣ ਦੀ ਯੋਜਨਾ ਹੈ। ਕੁਆਲੀਫਾਇਰਜ਼ ਅਗਲੇ ਸਾਲ ਫਰਵਰੀ ’ਚ ਚੀਨ ’ਚ ਹੋਣਗੇ। ਜ਼ਰੀਨ ਨੇ ਆਪਣੇ ਪੱਤਰ ’ਚ ਲਿਖਿਆ ਹੈ, ‘ਖੇਡ ਦਾ ਆਧਾਰ ਨਿਰਪੱਖਤਾ ਹੈ ਅਤੇ ਕਿਸੇ ਨੂੰ ਹਰ ਸਮੇਂ ਖੁਦ ਨੂੰ ਸਾਬਤ ਕਰਨ ਦੀ ਜ਼ਰੂਰਤ ਹੁੰਦੀ ਹੈ। ਇੱਥੋਂ ਤੱਕ ਕਿ ਓਲੰਪਿਕ ਸੋਨ ਤਗ਼ਮਾ ਜੇਤੂ ਨੂੰ ਵੀ ਆਪਣੇ ਦੇਸ਼ ਦੀ ਅਗਵਾਈ ਕਰਨ ਲਈ ਫਿਰ ਤੋਂ ਮੁਕਾਬਲਾ ਕਰਨਾ ਹੁੰਦਾ ਹੈ।’ ਉਨ੍ਹਾਂ ਕਿਹਾ, ‘ਮੈਂ ਹਮੇਸ਼ਾ ਤੋਂ ਹੀ ਮੈਰੀਕੌਮ ਤੋਂ ਪ੍ਰੇਰਿਤ ਰਹੀ ਹਾਂ। ਇਸ ਪ੍ਰੇਰਨਾ ਨਾਲ ਨਿਆਂ ਕਰਨ ਦਾ ਸਭ ਤੋਂ ਚੰਗਾ ਢੰਗ ਇਹੀ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਵਾਂਗ ਇੱਕ ਮਹਾਨ ਮੁੱਕੇਬਾਜ਼ ਬਣਨ ਦੀ ਕੋਸ਼ਿਸ਼ ਕਰਾਂ।’