ਜ਼ਵੇਰੇਵ ਨੇ ਬੇਰੇਟਿਨੀ ਨੂੰ ਹਰਾ ਕੇ ਦੂਜੀ ਵਾਰ ਮੈਡ੍ਰਿਡ ਓਪਨ ਦਾ ਖ਼ਿਤਾਬ ਜਿੱਤਿਆ

ਜ਼ਵੇਰੇਵ ਨੇ ਬੇਰੇਟਿਨੀ ਨੂੰ ਹਰਾ ਕੇ ਦੂਜੀ ਵਾਰ ਮੈਡ੍ਰਿਡ ਓਪਨ ਦਾ ਖ਼ਿਤਾਬ ਜਿੱਤਿਆ

ਮੈਡਿ੍ਰਡ— ਐਲੇਕਜ਼ੈਂਡਰ ਜ਼ਵੇਰੇਵ ਨੇ ਫ਼੍ਰੈਂਚ ਓਪਨ ਤੋਂ ਪਹਿਲਾਂ ਸ਼ਾਨਦਾਰ ਫ਼ਾਰਮ ਜਾਰੀ ਰਖਦੇ ਹੋਏ ਮੈਟੀਓ ਬੇਰੇਟਿਨੀ ਨੂੰ ਹਰਾ ਕੇ ਦੂਜੀ ਵਾਰ ਮੈਡ੍ਰਿਡ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਕੁਆਰਟਰ ਫ਼ਾਈਨਲ ’ਚ ਚੋਟੀ ਦਾ ਦਰਜਾ ਪ੍ਰਾਪਤ ਰਾਫ਼ੇਲ ਨਡਾਲ ਤੇ ਸੈਮੀਫ਼ਾਈਨਲ ’ਚ ਚੌਥਾ ਦਰਜਾ ਪ੍ਰਾਪਤ ਡੋਮਿਨਿਕ ਥਿਏਮ ਨੂੰ ਹਰਾਉਣ ਦੇ ਬਾਅਦ ਜ਼ਵੇਰੇਵ ਨੇ ਫ਼ਾਈਨਲ ’ਚ ਦਸਵੀਂ ਰੈਂਕਿੰਗ ਦੇ ਬੇਰੇਟਿਨੀ ਨੂੰ 6-7 (8), 6-4, 6-3 ਨਾਲ ਹਰਾ ਕੇ ਇਸ ਸੈਸ਼ਨ ਦਾ ਆਪਣਾ ਦੂਜਾ ਖ਼ਿਤਾਬ ਜਿੱਤਿਆ। 
ਜਰਮਨੀ ਦੇ ਇਸ ਛੇਵਾਂ ਦਰਜਾ ਪ੍ਰਾਪਤ ਖਿਡਾਰੀ ਨੇ ਮਾਰਚ ’ਚ ਅਕਾਪੁਲਕੋ ’ਚ ਮੈਕਸਿਕਨ ਓਪਨ ਦਾ ਖ਼ਿਤਾਬ ਜਿੱਤਿਆ ਸੀ।  ਉਨ੍ਹਾਂ ਨੇ ਇਸ ਤੋਂ ਪਹਿਲਾਂ 2018 ’ਚ ਥੀਏਮ ਨੂੰ ਹਰਾ ਕੇ ਆਪਣਾ ਪਹਿਲਾ ਮੈਡ੍ਰਿਡ ਖ਼ਿਤਾਬ ਜਿੱਤਿਆ ਸੀ। 24 ਸਾਲਾ ਜ਼ਵੇਰੇਵ ਨੇ ਕਿਹਾ, ‘‘ਫ਼੍ਰੈਂਚ ਓਪਨ ’ਚ ਚੰਗਾ ਪ੍ਰਦਰਸ਼ਨ ਕਰਨ ਦੇ ਲਈ ਤੁਹਾਨੂੰ ਕਲੇਅ ਕੋਰਟ ਸੈਸ਼ਨ ’ਚ ਚੰਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੁੰਦੀ ਹੈ। ਅਖ਼ੀਰ ’ਚ ਮੈਂ ਮਾਸਟਰ ਜਿੱਤਿਆ ਹੈ। ਇਸ ਲਈ ਇਹ ਜਿੱਤ ਮੇਰੇ ਲਈ ਮਹੱਤਵਪੂਰਨ ਹੈ। ਮੈਂ ਇਸ ਉਪਲਬਧੀ ਤੋਂ ਖ਼ੁਸ਼ ਹਾਂ।’’
ਪੁਰਸ਼ ਡਬਲਜ਼ ਦੇ ਫ਼ਾਈਨਲ ’ਚ ਸਪੇਨ ਦੇ ਮਾਰਸੇਲ ਗ੍ਰੈਨੋਲਰਸ ਤੇ ਅਰਜਨਟੀਨਾ ਦੇ ਹੋਰਾਸੀਓ ਜੇਲਾਬਲੋਸ ਨੇ ਕ੍ਰੋਏਸ਼ੀਆ ਦੇ ਨਿਕੋਲਾ ਮੇਟਕਿਚ ਤੇ ਮੈਟ ਪਾਵਿਚ ਨੂੰ 1-6, 6-3, 10-8 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਮਹਿਲਾ ਸਿੰਗਲ ਦੇ ਫ਼ਾਈਨਲ ’ਚ ਸ਼ਨੀਵਾਰ ਨੂੰ ਆਯਰਨਾ ਸਬਾਲੇਂਕਾ ਨੇ ਚੋਟੀ ਦੀ ਰੈਂਕਿੰਗ ਦੀ ਐਸ਼ ਬਾਰਟੀ ਨੂੰ 6-0, 3-6, 6-4 ਨਾਲ ਹਰਾਇਆ ਸੀ।

Radio Mirchi