ਜਿਨਸੀ ਸ਼ੋਸ਼ਣ: ਪੁਲੀਸ ਨਾਲ ਝੜਪ ’ਚ ਪੀੜਤ ਡਾਕਟਰ ਨੂੰ ਸੱਟਾਂ ਵੱਜੀਆਂ

ਜਿਨਸੀ ਸ਼ੋਸ਼ਣ: ਪੁਲੀਸ ਨਾਲ ਝੜਪ ’ਚ ਪੀੜਤ ਡਾਕਟਰ ਨੂੰ ਸੱਟਾਂ ਵੱਜੀਆਂ

ਜਿਨਸੀ ਸ਼ੋਸ਼ਣ ਵਿਵਾਦ ਨੇ ਸ਼ਨਿਚਰਵਾਰ ਨੂੰ ਇੱਥੇ ਭਿਆਨਕ ਰੂਪ ਅਖ਼ਤਿਆਰ ਕਰ ਲਿਆ। ਪਿਛਲੇ 22 ਦਿਨਾਂ ਤੋਂ ਧਰਨੇ ’ਤੇ ਬੈਠੀ ਪੀੜਤ ਡਾਕਟਰ ਅਤੇ ਜਿਨਸੀ ਸ਼ੋਸ਼ਣ ਵਿਰੋਧੀ ਐਕਸ਼ਨ ਕਮੇਟੀ ਨੇ ਅੱਜ ਰੋਸ ਮੁਜ਼ਾਹਰਾ ਕੀਤਾ।
ਹਜ਼ਾਰਾਂ ਨੌਜਵਾਨਾਂ ਦਾ ਰੋਸ ਮਾਰਚ ਜਦੋਂ ਡਿਪਟੀ ਕਮਿਸ਼ਨਰ ਦਫ਼ਤਰ ਵੱਲ ਵਧਿਆ ਤਾਂ ਪੁਲੀਸ ਨੇ ਵੱਡੇ ਬੈਰੀਕੇਡ ਲਾ ਕੇ ਉਨ੍ਹਾਂ ਨੂੰ ਸੜਕ ’ਤੇ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਜਦੋਂ ਮੁਜ਼ਾਹਰਾਕਾਰੀ ਨੇ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਜਲ ਤੋਪਾਂ ਦੀਆਂ ਬੁਛਾੜਾਂ ਛੱਡ ਦਿੱਤੀਆਂ। ਇਸ ਦੌਰਾਨ ਮੁਜ਼ਾਹਰਾਕਾਰੀਆਂ ਤੇ ਪੁਲੀਸ ਦਰਮਿਆਨ ਤਿੱਖੀਆਂ ਝੜਪਾਂ ਹੋਈਆਂ। ਨੌਜਵਾਨਾਂ ਨੇ ਪੁਲੀਸ ਦੇ ਬੈਰੀਕੇਡ ਪੁੱਟ ਦਿੱਤੇ ਅਤੇ ਪੁਲੀਸ ਨੂੰ ਪਿੱਛੇ ਧੱਕ ਦਿੱਤਾ।
ਇਸੇ ਦੌਰਾਨ ਐੱਸਪੀ ਸੇਵਾ ਸਿੰਘ ਮੱਲੀ ਦੀ ਅਗਵਾਈ ਵਿੱਚ ਪੁਲੀਸ ਨੇ ਮੁਜ਼ਾਹਰਾਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ। ਅਚਾਨਕ ਹਵਾ ਦਾ ਰੁਖ਼ ਬਦਲਣ ਨਾਲ ਪੁਲੀਸ ਦੀਆਂ ਟੀਮਾਂ ਅੱਥਰੂ ਗੈਸ ਦੀ ਲਪੇਟ ਵਿੱਚ ਆ ਗਈਆਂ ਜਿਸ ਵਿੱਚ ਕਾਰਜਕਾਰੀ ਮੈਜਿਸਟ੍ਰੇਟ ਅਤੇ ਉੱਚ ਪੁਲੀਸ ਅਧਿਕਾਰੀ ਲੰਬੇ ਸਮੇਂ ਤੱਕ ਖ਼ੁਦ ਨੂੰ ਸੰਭਾਲ ਨਹੀਂ ਸਕੇ। ਤੈਸ਼ ’ਚ ਆਈ ਪੁਲੀਸ ਨੇ ਅੰਨ੍ਹੇਵਾਹ ਲਾਠੀਚਾਰਜ ਸ਼ੁਰੂ ਕਰ ਦਿੱਤਾ ਅਤੇ ਮੁਜ਼ਾਹਰਾਕਾਰੀਆਂ ਦੀ ਪਹਿਲੀ ਕਤਾਰ ਵਿੱਚ ਖੜ੍ਹੀ ਪੀੜਤ ਔਰਤ ਡਾਕਟਰ ਨੂੰ ਵੀ ਪੁਲੀਸ ਨੇ ਕੁੱਟਿਆ ਜਿਸ ਕਾਰਨ ਉਸਦੇ ਹੱਥਾਂ ’ਤੇ ਸੱਟਾਂ ਵੱਜੀਆਂ। ਪੁਲੀਸ ਵੱਲੋਂ ਕੀਤੇ ਲਾਠੀਚਾਰਜ ਵਿੱਚ 12 ਲੜਕੀਆਂ ਅਤੇ 19 ਦੇ ਕਰੀਬ ਨੌਜਵਾਨਾਂ ਦੇ ਸੱਟਾਂ ਲੱਗੀਆਂ ਹਨ। ਪੁਲੀਸ ਨੇ ਮੁਜ਼ਾਹਰੇ ਵਾਲੀ ਥਾਂ ਤੋਂ ਦੋ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲੀਸ ਨੇ ਲਾਠੀਚਾਰਜ ਕਰ ਕੇ ਨੌਜਵਾਨਾਂ ਨੂੰ ਖਿੰਡਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਸਾਰੇ ਨੌਜਵਾਨ ਪੁਲੀਸ ਸਾਹਮਣੇ ਡਟੇ ਰਹੇ। ਜਲ ਤੋਪਾਂ ਨਾਲ ਧਰਨੇ ਵਾਲੀ ਥਾਂ ’ਤੇ ਲੱਗਾ ਟੈਂਟ ਵੀ ਪੁੱਟਿਆ ਗਿਆ। ਮੁਜ਼ਾਹਰੇ ਨੂੰ ਰੋਕਣ ਲਈ ਤਾਇਨਾਤ ਪਹਿਲੀ ਪੁਲੀਸ ਪਾਰਟੀ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਚੱਲਣ ਮਗਰੋਂ ਮੌਕੇ ਤੋਂ ਕਾਫ਼ੀ ਪਿੱਛੇ ਹਟ ਗਈ। ਬਾਅਦ ਵਿੱਚ ਮੌਕੇ ’ਤੇ ਹੋਰ ਪੁਲੀਸ ਬਲ ਬੁਲਾਏ ਗਏ ਅਤੇ ਪੁਲੀਸ ਨੇ ਅੰਨ੍ਹੇਵਾਹ ਲਾਠੀਚਾਰਜ ਸ਼ੁਰੂ ਕਰ ਦਿੱਤਾ। ਪੁਲੀਸ ਪੀੜਤ ਡਾਕਟਰ ਨੂੰ ਇੱਕ ਕਿਲੋਮੀਟਰ ਤੱਕ ਧੂਹ ਕੇ ਲੈ ਗਈ। ਲਾਠੀਚਾਰਜ ਦੌਰਾਨ ਨੌਜਵਾਨਾਂ ਦੀਆਂ ਪੱਗਾਂ ਵੀ ਲੱਥ ਗਈਆਂ। ਐੱਸਪੀ ਸੇਵਾ ਸਿੰਘ ਮੱਲੀ ਨੇ ਕਿਹਾ ਕਿ ਨੌਜਵਾਨਾਂ ਨੇ ਪੁਲੀਸ ਦੇ ਬੈਰੀਕੇਡ ਪੁੱਟਣ ਦੀ ਕੋਸ਼ਿਸ਼ ਕੀਤੀ ਸੀ ਜਿਸ ਕਰ ਕੇ ਹਲਕਾ ਲਾਠੀਚਾਰਜ ਕਰਨਾ ਪਿਆ। ਐੱਸਪੀ ਨੇ ਕਿਹਾ ਕਿ ਝੜਪ ਦੌਰਾਨ ਉਸ ਦੇ ਵੀ ਸੱਟਾਂ ਵੱਜੀਆਂ ਹਨ। ਜ਼ਖ਼ਮੀ ਹੋਏ ਨੌਜਵਾਨਾਂ ਨੂੰ ਪੁਲੀਸ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫਰੀਦਕੋਟ ’ਚ ਦਾਖਲ ਨਹੀਂ ਹੋਣ ਦਿੱਤਾ। ਪੀਐੱਸਯੂ ਦੀ ਜ਼ਿਲ੍ਹਾ ਆਗੂ ਮਨਦੀਪ ਕੌਰ ਅਤੇ ਨੌਜਵਾਨ ਭਾਰਤ ਸਭਾ ਦੇ ਨਗਿੰਦਰ ਆਜ਼ਾਦ ਇਨ੍ਹਾਂ ਝੜਪਾਂ ਵਿੱਚ ਗੰਭੀਰ ਜ਼ਖ਼ਮੀ ਹੋਏ ਹਨ ਜੋ ਇਲਾਜ ਅਧੀਨ ਹਨ।

Radio Mirchi