ਜੇ.ਪੀ. ਨੱਢਾ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਜੇ.ਪੀ. ਨੱਢਾ ਭਾਜਪਾ ਦੇ ਨਵੇਂ ਪ੍ਰਧਾਨ ਬਣੇ

ਜਗਤ ਪ੍ਰਕਾਸ਼ ਨੱਢਾ (59) ਨੂੰ ਅੱਜ ਸਰਬਸੰਮਤੀ ਨਾਲ ਭਾਜਪਾ ਦਾ ਕੌਮੀ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਅਮਿਤ ਸ਼ਾਹ ਤੋਂ ਪਾਰਟੀ ਦੀ ਵਾਗਡੋਰ ਸੰਭਾਲੀ ਹੈ ਜਿਨ੍ਹਾਂ ਦੇ ਸਾਢੇ ਪੰਜ ਸਾਲ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਕੁਝ ਮੌਕਿਆਂ ਨੂੰ ਛੱਡ ਕੇ ਕਈ ਚੁਣਾਵੀ ਜੰਗਾਂ ਜਿੱਤੀਆਂ। ਹਿਮਾਚਲ ਪ੍ਰਦੇਸ਼ ਦੇ ਸ੍ਰੀ ਨੱਢਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਦਾ ਆਸ਼ੀਰਵਾਦ ਹਾਸਲ ਹੈ। ਉਨ੍ਹਾਂ ਲਈ ਸਭ ਤੋਂ ਪਹਿਲੀ ਚੁਣੌਤੀ ਦਿੱਲੀ ਵਿਧਾਨ ਸਭਾ ਚੋਣਾਂ ਹਨ ਜਿਥੇ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਭਾਜਪਾ ਨੇ ਪੂਰੀ ਵਾਹ ਲਾਈ ਹੋਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ੍ਰੀ ਨੱਢਾ ਨੂੰ ਪ੍ਰਧਾਨਗੀ ਦਾ ਅਹੁਦਾ ਸੌਂਪਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਭਾਜਪਾ ਹੋਰ ਮਜ਼ਬੂਤ ਹੋ ਕੇ ਉਭਰੇਗੀ। ਉਨ੍ਹਾਂ ਕਿਹਾ ਕਿ ਸ੍ਰੀ ਨੱਢਾ ਦਾ ਜਥੇਬੰਦਕ ਢਾਂਚੇ ’ਚ ਕੰਮ ਕਰਨ ਦਾ ਤਜਰਬਾ ਪਾਰਟੀ ਨੂੰ ਲਾਭ ਪਹੁੰਚਾਏਗਾ। ਭਾਜਪਾ ਆਗੂ ਰਾਧਾ ਮੋਹਨ ਸਿੰਘ, ਜਿਨ੍ਹਾਂ ਨੂੰ ਜਥੇਬੰਦਕ ਚੋਣ ਪ੍ਰਕਿਰਿਆ ਦਾ ਇੰਚਾਰਜ ਲਾਇਆ ਗਿਆ ਸੀ, ਨੇ ਪਾਰਟੀ ਦੇ 11ਵੇਂ ਪ੍ਰਧਾਨ ਵਜੋਂ ਸ੍ਰੀ ਨੱਢਾ ਦੀ ਚੋਣ ਦਾ ਐਲਾਨ ਕੀਤਾ। ਸ੍ਰੀ ਨੱਢਾ ਹਿਮਾਚਲ ਪ੍ਰਦੇਸ਼ ਅਤੇ ਕੇਂਦਰ ’ਚ ਮੰਤਰੀ ਰਹੇ ਹਨ ਅਤੇ ਉਨ੍ਹਾਂ ਯੂਪੀ ਸਮੇਤ ਕਈ ਸੂਬਿਆਂ ਦੇ ਇੰਚਾਰਜ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਨਵੇਂ ਬਣੇ ਪ੍ਰਧਾਨ ਦੇ ਸਨਮਾਨ ’ਚ ਇਥੇ ਪਾਰਟੀ ਹੈੱਡਕੁਆਰਟਰ ’ਤੇ ਰੱਖੇ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ’ਤੇ ਵਰ੍ਹਦਿਆਂ ਕਿਹਾ ਕਿ ਜਿਹੜੇ ਲੋਕਾਂ ਨੂੰ ਚੋਣਾਂ ’ਚ ਨਕਾਰ ਦਿੱਤਾ ਗਿਆ, ਉਹ ਹੁਣ ਭਰਮ ਤੇ ਝੂਠ ਫੈਲਾ ਰਹੇ ਹਨ। ਉਨ੍ਹਾਂ ਭਾਜਪਾ ਵਰਕਰਾਂ ਨੂੰ ਕਿਹਾ ਕਿ ਉਹ ਪੂਰੀ ਸਰਗਰਮੀ ਨਾਲ ਲੋਕਾਂ ਤੱਕ ਪਹੁੰਚ ਕਰਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨ ਚੁਣੌਤੀਆਂ ਭਰਪੂਰ ਹੋਣਗੇ। ਉਨ੍ਹਾਂ ਦੇ ਇਸ ਬਿਆਨ ਨੂੰ ਸੀਏਏ ਵਿਰੋਧੀ ਪ੍ਰਦਰਸ਼ਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਇਕ ਅਜਿਹਾ ਧੜਾ ਹੈ ਜੋ ਆਪਣਾ ਸਟੈਂਡ ਨਹੀਂ ਬਦਲਣ ਵਾਲਾ ਹੈ ਪਰ ਲੋਕਾਂ ਨੂੰ ਸਮਝਾਉਣ ਦੀ ਪੂਰੀ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।

Radio Mirchi