ਜੇਐੱਨਯੂ: ਆਇਸ਼ੀ ਘੋਸ਼ ਤੇ 19 ਹੋਰਨਾਂ ਖ਼ਿਲਾਫ਼ ਕੇਸ ਦਰਜ

ਜੇਐੱਨਯੂ: ਆਇਸ਼ੀ ਘੋਸ਼ ਤੇ 19 ਹੋਰਨਾਂ ਖ਼ਿਲਾਫ਼ ਕੇਸ ਦਰਜ

ਜੇਐੱਨਯੂ ਵਿੱਚ ਨਕਾਬਪੋਸ਼ ਗੁੰਡਿਆਂ ਵੱਲੋਂ ਕੀਤੀ ਬੁਰਛਾਗਰਦੀ ਤੋਂ ਦੋ ਦਿਨ ਮਗਰੋਂ ਦਿੱਲੀ ਪੁਲੀਸ ਨੇ ਯੂਨੀਵਰਸਿਟੀ ਦੇ ਸਰਵਰ ਰੂਮ ਵਿੱਚ ਕੀਤੀ ਭੰਨਤੋੜ ਨਾਲ ਸਬੰਧਤ ਕੇਸ ਵਿੱਚ ’ਵਰਸਿਟੀ ਦੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਤੇ 19 ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਆਇਸ਼ੀ ’ਤੇ ਧਾਰਾ 341, 323 ਤੇ 506 ਸਮੇਤ ਜਨਤਕ ਜਾਇਦਾਦ ਨੂੰ ਨੁਕਸਾਉਣ ਪਹੁੰਚਾਉਣ ਤੋਂ ਰੋਕਦੇ ਐਕਟ ਦੀਆਂ ਵੱਖ ਵੱਖ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਐੱਫਆਈਆਰ ਵਿੱਚ ਘੋਸ਼ ਤੋਂ ਇਲਾਵਾ ਸਾਕੇਤ ਮੂਨ, ਸਤੀਸ਼ ਯਾਦਵ, ਸਾਰਿਕਾ ਚੌਧਰੀ ਤੇ ਕੁਝ ਹੋਰਨਾਂ ਵਿਦਿਆਰਥੀਆਂ ਦਾ ਨਾਂ ਵੀ ਸ਼ਾਮਲ ਹੈ। ਪੁਲੀਸ ਹੁਣ ਤਕ ਇਸ ਮਾਮਲੇ ’ਚ ਕੁੱਲ ਮਿਲਾ ਕੇ ਚਾਰ ਐੱਫਆਈਆਰ ਦਰਜ ਕਰ ਚੁੱਕੀ ਹੈ। ਇਨ੍ਹਾਂ ਵਿੱਚੋਂ ਦੋ ਕੇਸ ਸਰਵਰ ਰੂਮ ’ਚ ਕੀਤੀ ਭੰਨਤੋੜ ਨਾਲ ਸਬੰਧਤ ਹਨ।
ਕੇਸ ਯੂਨੀਵਰਸਿਟੀ ਪ੍ਰਸ਼ਾਸਨ ਦੀ ਸ਼ਿਕਾਇਤ ’ਤੇ ਦਰਜ ਕੀਤੇ ਗਏ ਹਨ। ਇਸ ਦੌਰਾਨ ਦਿੱਲੀ ਪੁਲੀਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਕੋਲ ਐਤਵਾਰ ਰਾਤ ਹੋਈ ਇਸ ਹਿੰਸਾ ਬਾਬਤ ਕੋਈ ਤਸਵੀਰ, ਫੁਟੇਜ ਜਾਂ ਕੋਈ ਹੋਰ ਜਾਣਕਾਰੀ ਹੈ ਤਾਂ ਉਹ ਸਾਂਝੀ ਕੀਤੀ ਜਾਵੇ। ਉਧਰ ਫੋਰੈਂਸਿਕ ਮਾਹਿਰਾਂ ਦੀ ਇਕ ਟੀਮ ਸਬੂਤਾਂ ਦੀ ਭਾਲ ’ਚ ’ਵਰਸਿਟੀ ਪੁੱਜ ਗਈ ਹੈ। ਜੁਆਇੰਟ ਕਮਿਸ਼ਨਰ ਆਫ਼ ਪੁਲੀਸ (ਪੱਛਮੀ ਰੇਂਜ) ਸ਼ਾਲਿਨੀ ਸਿੰਘ ਦੀ ਅਗਵਾਈ ਵਾਲੀ ਤੱਥ ਖੋਜ ਕਮੇਟੀ ਨੇ ਵੀ ਜੇਐੱਨਯੂ ਕੈਂਪਸ ਦਾ ਦੌਰਾ ਕਰਕੇ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਜਾਣਕਾਰੀ ਇਕੱਤਰ ਕੀਤੀ। ਜੇਐੱਨਯੂ ਪ੍ਰਸ਼ਾਸਨ ਨੇ ਸਰਵਰਾਂ ਦੀ ਭੰਨਤੋੜ ਸਬੰਧੀ ਸਿ਼ਕਾਇਤ 5 ਜਨਵਰੀ ਨੂੰ ਕੀਤੀ ਸੀ ਇਸ ਤੋਂ ਪਹਿਲਾਂ ਖ਼ਬਰ ਏਜੰਸੀ ਦੀ ਰਿਪੋਰਟ ਮੁਤਾਬਕ ਪ੍ਰਸ਼ਾਸਨ ਨੇ ਸ਼ਿਕਾਇਤ ਵਿੱਚ ’ਵਰਸਿਟੀ ਵਿਦਿਆਰਥੀ ਯੂਨੀਅਨ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਹੋਰਨਾਂ ਅਹੁਦੇਦਾਰਾਂ ਦੇ ਨਾਂ ਜ਼ਰੂਰ ਦਿੱਤੇ ਸਨ, ਪਰ ਪੁਲੀਸ ਨੇ ਦਰਜ ਐੱਫਆਈਆਰ ’ਚ ਮੁਲਜ਼ਮ ਵਜੋਂ ਘੋਸ਼ ਜਾਂ ਕਿਸੇ ਹੋਰ ਵਿਦਿਆਰਥੀਆਂ ਦਾ ਨਾਂ ਨਹੀਂ ਲਿਖਿਆ। ਪੁਲੀਸ ਨੇ ਕਿਹਾ ਕਿ ਸਰਵਰਾਂ ਨੂੰ ਬੰਦ ਕੀਤੇ ਜਾਣ ਦੀ ਸ਼ਿਕਾਇਤ 3 ਜਨਵਰੀ ਜਦੋਂਕਿ ਸਰਵਰ ਰੂਮ ਦੀ ਭੰਨਤੋੜ ਸਬੰਧੀ ਸ਼ਿਕਾਇਤ ਉਸ ਤੋਂ ਅਗਲੇ ਦਿਨ ਕੀਤੀ ਗਈ ਸੀ। ਜੇਐੱਨਯੂ ਵਿਦਿਆਰਥੀ ਯੂਨੀਅਨ ਦੇ ਉਪ ਪ੍ਰਧਾਨ ਸਾਕੇਤ ਮੂਨ ਨੇ ਕਿਹਾ ਕਿ ਪ੍ਰਸ਼ਾਸਨ ਕੁਝ ਵਿਦਿਆਰਥੀਆਂ ਨੂੰ ਮਿੱਥ ਕੇ ਨਿਸ਼ਾਨਾ ਬਣਾ ਰਿਹਾ ਹੈ। ਮੂਨ ਨੇ ਸਰਵਰ ਰੂਮ ਦੀ ਭੰਨਤੋੜ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।

Radio Mirchi