ਜੇਕਰ ਪੁਲੀਸ ਕਾਨੂੰਨ ਲਾਗੂ ਕਰਨ ’ਚ ਨਾਕਾਮ ਰਹਿੰਦੀ ਹੈ ਤਾਂ ਲੋਕਤੰਤਰ ਫੇਲ੍ਹ ਹੁੰਦੈ: ਡੋਵਾਲ
ਨੌਜਵਾਨ ਪੁਲੀਸ ਅਧਿਕਾਰੀਆਂ ਨੂੰ ‘ਭਰੋਸੇਯੋਗ ਅਤੇ ਨਿਰਪੱਖ’ ਰਹਿਣ ਲਈ ਆਖਦਿਆਂ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨੇ ਖ਼ਬਰਦਾਰ ਕੀਤਾ ਕਿ ਜੇਕਰ ਉਹ ਨਾਕਾਮ ਰਹੇ ਤਾਂ ਲੋਕਤੰਤਰ ਵੀ ਫੇਲ੍ਹ ਹੋ ਜਾਵੇਗਾ। ਬਿਊਰੋ ਆਫ਼ ਪੁਲੀਸ ਰਿਸਰਚ ਐਂਡ ਡਿਵੈਲਪਮੈਂਟ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਸ੍ਰੀ ਡੋਵਾਲ ਨੇ ਪੁਲੀਸ ਅਤੇ ਪੁਲੀਸਿੰਗ ’ਤੇ ਉਚੇਚੇ ਤੌਰ ਉਪਰ ਜ਼ੋਰ ਦਿੱਤਾ ਅਤੇ ਨਵੇਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਯਕੀਨੀ ਬਣਾਉਣ ਕਿ ਆਮ ਵਿਅਕਤੀ ‘ਖਾਕੀ’ ਵਰਦੀ ਵਾਲੇ ਨੂੰ ਨਿਰਪੱਖ ਸਮਝੇ। ਕੌਮੀ ਸੁਰੱਖਿਆ ਸਲਾਹਕਾਰ ਦਾ ਇਹ ਬਿਆਨ ਅਹਿਮੀਅਤ ਰਖਦਾ ਹੈ ਕਿਉਂਕਿ ਉੱਤਰ-ਪੂਰਬੀ ਦਿੱਲੀ ’ਚ ਹੋਏ ਦੰਗਿਆਂ ਦੌਰਾਨ ਪੁਲੀਸ ਦੀ ਨਾਅਹਿਲੀਅਤ ਵਾਲੀ ਭੂਮਿਕਾ ’ਤੇ ਸਵਾਲ ਖੜ੍ਹੇ ਕੀਤੇ ਗਏ ਸਨ। ਉਨ੍ਹਾਂ ਕਿਹਾ,‘‘ਲੋਕਤੰਤਰ ’ਚ ਮਹੱਤਵਪੂਰਨ ਹੈ ਕਿ ਕਾਨੂੰਨ ਪ੍ਰਤੀ ਪੂਰੀ ਤਰ੍ਹਾਂ ਨਾਲ ਸਮਰਪਿਤ ਰਿਹਾ ਜਾਵੇ। ਤੁਹਾਨੂੰ ਨਿਰਪੱਖ ਰਹਿ ਕੇ ਕੰਮ ਕਰਨੇ ਚਾਹੀਦੇ ਹਨ ਅਤੇ ਭਰੋਸੇਯੋਗ ਦਿਖਣਾ ਚਾਹੀਦਾ ਹੈ।’’ ਸ੍ਰੀ ਡੋਵਾਲ ਨੇ ਕਿਹਾ ਕਿ ਲੋਕਤੰਤਰ ’ਚ ਕਾਨੂੰਨ ਬਣਾਉਣਾ ਅਤੇ ਉਸ ਨੂੰ ਕਾਇਮ ਰਖਣਾ ਬਹੁਤ ਪਵਿੱਤਰ ਕੰਮ ਹੈ। ‘ਕਾਨੂੰਨ ਸਾਮਰਾਜੀ ਸ਼ਾਸਕ ਜਾਂ ਧਾਰਮਿਕ ਆਗੂ ਦੇ ਪ੍ਰਵਚਨਾਂ ਨਾਲ ਨਹੀਂ ਬਣਦੇ ਸਗੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਇਸ ਨੂੰ ਬਣਾਉਂਦੇ ਹਨ ਅਤੇ ਤੁਹਾਡੇ ਵਰਗੇ ਅਧਿਕਾਰੀ ਉਸ ਨੂੰ ਲਾਗੂ ਕਰਦੇ ਹਨ।’ ਉਨ੍ਹਾਂ ‘ਤੀਜੀ ਨੌਜਵਾਨ ਸੁਪਰਡੈਂਟਸ ਆਫ਼ ਪੁਲੀਸ ਕਾਨਫਰੰਸ’ ਦਾ ਉਦਘਾਟਨ ਕਰਦਿਆਂ ਕਿਹਾ ਕਿ ਜੇਕਰ ਪੁਲੀਸ ਮੁਲਾਜ਼ਮ ਕਾਨੂੰਨ ਲਾਗੂ ਨਾ ਕਰ ਸਕੇ ਤਾਂ ਫਿਰ ਕਾਨੂੰਨ ਬਣਾਉਣਾ ਵਿਅਰਥ ਹੈ। ‘ਉਹ ਹੀ ਕਾਨੂੰਨ ਵਧੀਆ ਹੁੰਦਾ ਹੈ ਜਿਸ ਨੂੰ ਲਾਗੂ ਕੀਤਾ ਜਾਂਦਾ ਹੈ।’ ਐੱਨਐੱਸਏ ਨੇ ਕਿਹਾ ਕਿ ਜੇਕਰ ਆਮ ਆਦਮੀ ਮਹਿਸੂਸ ਕਰਦਾ ਹੈ ਕਿ ਪੁਲੀਸ ਕਾਰਜਕੁਸ਼ਲ, ਚੌਕਸ, ਇਮਾਨਦਾਰ ਅਤੇ ਦੋਸਤਾਨਾ ਹੈ ਤਾਂ ਸਮਾਜ ਬੇਫਿਕਰ ਹੋ ਜਾਂਦਾ ਹੈ ਕਿ ਉਹ ਸੁਰੱਖਿਅਤ ਹੋਵੇਗਾ। ਉਨ੍ਹਾਂ ਨੌਜਵਾਨ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਦੀ ਮਾਨਸਿਕਤਾ ਨੂੰ ਸਮਝਣ।