ਜੰਮੂ ਕਸ਼ਮੀਰ ਤੇ ਲੱਦਾਖ ਹੁਣ ਕੇਂਦਰ ਸ਼ਾਸਤ ਪ੍ਰਦੇਸ਼
ਨਵੀਂ ਦਿੱਲੀ-ਭਾਰਤ ਦਾ ਉੱਤਰੀ ਸੂਬਾ ਜੰਮੂ ਕਸ਼ਮੀਰ ਅੱਜ ਅੱਧੀ ਰਾਤ ਤੋਂ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ- ਜੰਮੂ ਕਸ਼ਮੀਰ ਅਤੇ ਲੱਦਾਖ- ਵਿੱਚ ਵੰਡਿਆ ਜਾਵੇਗਾ। ਆਈਏਐੱਸ ਅਧਿਕਾਰੀ ਗਿਰੀਸ਼ ਚੰਦਰ ਮੁਰਮੂ ਅਤੇ ਆਰ.ਕੇ. ਮਾਥੁਰ ਭਲਕੇ ਕ੍ਰਮਵਾਰ ਕੇਂਦਰੀ ਸ਼ਾਸਤ ਪ੍ਰਦੇਸ਼ (ਯੂਟੀ) ਜੰਮੂ ਕਸ਼ਮੀਰ ਅਤੇ ਲੱਦਾਖ ਦੇ ਨਵੇਂ ਉਪ ਰਾਜਪਾਲਾਂ ਵਜੋਂ ਹਲਫ਼ ਲੈਣਗੇ। ਇਸ ਸਬੰਧੀ ਭਲਕੇ ਸ੍ਰੀਨਗਰ ਅਤੇ ਲੇਹ ਵਿੱਚ ਵੱਖੋ-ਵੱਖਰੇ ਸਮਾਗਮ ਕਰਵਾਏ ਜਾਣਗੇ। ਦੋਵਾਂ ਨੂੰ ਜੰਮੂ ਕਸ਼ਮੀਰ ਹਾਈ ਕੋਰਟ ਦੀ ਚੀਫ ਜਸਟਿਸ ਗੀਤਾ ਮਿੱਤਲ ਵਲੋਂ ਸਹੁੰ ਚੁਕਵਾਈ ਜਾਵੇਗੀ। ਯੂਟੀ ਲੱਦਾਖ ਲਈ ਐੱਸ.ਐੱਸ. ਖੰਡਾਰੇ ਨੂੰ ਪੁਲੀਸ ਮੁਖੀ ਨਿਯੁਕਤ ਕੀਤਾ ਗਿਆ ਹੈ ਜਦਕਿ ਉਮੰਗ ਨਰੂਲਾ ਨੂੰ ਲੱਦਾਖ ਦੇ ਉਪ-ਰਾਜਪਾਲ ਦਾ ਸਲਾਹਕਾਰ ਲਾਇਆ ਗਿਆ ਹੈ। ਜੰਮੂ ਕਸ਼ਮੀਰ ਪੁਨਰਗਠਨ ਐਕਟ, 2019 ਅਨੁਸਾਰ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫ਼ੈਸਲਾ 31 ਅਕਤੂਬਰ ਤੋਂ ਲਾਗੂ ਹੋਵੇਗਾ। ਇਹ ਫ਼ੈਸਲਾ ਰਾਜ ਸਭਾ ਵਲੋਂ ਇਸ ਸਬੰਧੀ ਕੀਤੇ ਗਏ ਐਲਾਨ ਤੋਂ ਕਰੀਬ ਤਿੰਨ ਮਹੀਨਿਆਂ ਬਾਅਦ ਅੱਜ ਅੱਧੀ ਰਾਤ (ਬੁੱਧਵਾਰ ਤੇ ਵੀਰਵਾਰ ਦੀ ਰਾਤ) ਤੋਂ ਲਾਗੂ ਹੋਵੇਗਾ। ਭਾਰਤ ਵਿੱਚ ਇਸ ਤੋਂ ਪਹਿਲਾਂ ਯੂਟੀ ਦੇ ਪੂਰਾ ਸੂਬਾ ਬਣਨ ਅਤੇ ਕਿਸੇ ਸੂਬੇ ਦੇ ਦੋ ਸੂਬਿਆਂ ਵਿੱਚ ਵੰਡਣ ਦੀਆਂ ਤਾਂ ਕਈ ਉਦਾਹਰਣਾਂ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਸੂਬੇ ਨੂੰ ਦੋ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿੱਚ ਤਬਦੀਲ ਕੀਤਾ ਗਿਆ ਹੈ। ਹੁਣ ਦੇਸ਼ ਦੇ ਕੁੱਲ ਸੂਬਿਆਂ ਦੀ ਗਿਣਤੀ 28 ਰਹਿ ਜਾਵੇਗੀ ਜਦਕਿ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀ ਗਿਣਤੀ ਵਧ ਕੇ ਸੱਤ ਹੋ ਜਾਵੇਗੀ। ਐਕਟ ਅਨੁਸਾਰ ਯੂਟੀ ਜੰਮੂ ਕਸ਼ਮੀਰ ਦੀ ਪੁਡੂਚੇਰੀ ਵਾਂਗ ਵਿਧਾਨ ਸਭਾ ਹੋਵੇਗੀ ਜਦਕਿ ਯੂਟੀ ਲੱਦਾਖ ਵਿੱਚ ਚੰਡੀਗੜ੍ਹ ਵਾਂਗ ਵਿਧਾਨ ਸਭਾ ਨਹੀਂ ਹੋਵੇਗੀ। ਇਸੇ ਦੌਰਾਨ ਸੀਪੀਆਈ (ਐੱਮ) ਦੇ ਪੋਲਿਟ ਬਿਊਰੋ ਪ੍ਰਕਾਸ਼ ਕਰਤ ਨੇ ਅੱਜ ਬਿਆਨ ਜਾਰੀ ਕਰਕੇ ਲੱਦਾਖ ਨੂੰ ਜੰਮੂ ਕਸ਼ਮੀਰ ਨਾਲੋਂ ਵੱਖ ਕੀਤੇ ਜਾਣ ਨੂੰ ‘ਸ਼ਰਮਨਾਕ’ ਕਰਾਰ ਦਿੰਦਿਆਂ ਆਖਿਆ ਹੈ ਕਿ ਨਾਗਰਿਕਾਂ ਦੀ ਰਾਇ ਲਏ ਬਿਨਾਂ ਹੀ ਸੂਬੇ ਨੂੰ ‘ਵੰਡ’ ਦਿੱਤਾ ਗਿਆ ਹੈ। ਸ੍ਰੀ ਕਰਤ ਨੇ ਪੰਜ ਪਰਵਾਸੀ ਮਜ਼ਦੂਰਾਂ ਦੀ ਕੀਤੀ ਹੱਤਿਆ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੀਆਂ ਦਹਿਸ਼ਤੀ ਕਾਰਵਾਈਆਂ ਧਾਰਾ 370 ਮਨਸੂਖ਼ ਕਰਨ ਮਗਰੋਂ ਬਣੇ ਹਾਲਾਤ ਦਾ ਨਤੀਜਾ ਹਨ। ਇਸ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ.ਰਾਜਾ ਨੇ ਆਰਐੱਸਐੱਸ ਤੇ ਭਾਜਪਾ ਨੂੰ ਯੂਰਪੀਅਨ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਕਸ਼ਮੀਰ ਵਾਦੀ ਦੇ ਦੌਰੇ ਲਈ ਦਿੱਤੀ ਪ੍ਰਵਾਨਗੀ ਬਾਰੇ ਸਥਿਤੀ ਸਪਸ਼ਟ ਕਰਨ ਲਈ ਕਿਹਾ ਹੈ।