ਜੰਮੂ ਕਸ਼ਮੀਰ: ਬਲਾਕ ਵਿਕਾਸ ਕੌਂਸਲ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ
ਜੰਮੂ-ਜੰਮੂ ਕਸ਼ਮੀਰ ’ਚ ਪਹਿਲੀ ਵਾਰ ਹੋਈਆਂ ਬਲਾਕ ਵਿਕਾਸ ਕੌਂਸਲ ਚੋਣਾਂ ’ਚ ਆਜ਼ਾਦ ਉਮੀਦਵਾਰਾਂ ਦੀ ਝੰਡੀ ਰਹੀ। ਦੋ ਸੌ ਤੋਂ ਵੱਧ ਆਜ਼ਾਦ ਉਮੀਦਵਾਰ ਚੇਅਰਪਰਸਨ ਵਜੋਂ ਚੁਣੇ ਗਏ ਹਨ। ਕੁੱਲ 310 ਬਲਾਕਾਂ ’ਚੋਂ ਭਾਜਪਾ ਨੇ 81 ਵਿੱਚ ਜਿੱਤ ਦਰਜ ਕੀਤੀ ਹੈ। ਸੂਬੇ ’ਚੋਂ ਧਾਰਾ 370 ਮਨਸੂਖ਼ ਕਰਨ ਮਗਰੋਂ ਹੋ ਰਹੀਆਂ ਪਲੇਠੀਆਂ ਚੋਣਾਂ ਦਾ ਕਾਂਗਰਸ, ਨੈਸ਼ਨਲ ਕਾਨਫਰੰਸ ਤੇ ਪੀਡੀਪੀ ਨੇ ਬਾਈਕਾਟ ਕੀਤਾ ਸੀ। ਮੁੱਖ ਚੋਣ ਅਧਿਕਾਰੀ ਸ਼ੈਲੇਂਦਰ ਕੁਮਾਰ ਨੇ ਕਿਹਾ ਕਿ ਅੱਜ ਕੁੱਲ 283 ਬਲਾਕਾਂ ਲਈ ਵੋਟਾਂ ਪਈਆਂ ਤੇ ਤਿੰਨ ਬਲਾਕਾਂ ਲਈ ਨਤੀਜੇ ਦੀ ਉਡੀਕ ਹੈ। ਉਨ੍ਹਾਂ ਕਿਹਾ ਕਿ ਜੰਮੂ ਤੇ ਕਸ਼ਮੀਰ ਪੈਂਥਰਜ਼ ਪਾਰਟੀ ਨੇ ਅੱਠ ਜਦੋਂਕਿ ਕਾਂਗਰਸ ਨੇ ਇਕ ਬਲਾਕ ਵਿੱਚ ਜਿੱਤ ਦਰਜ ਕੀਤੀ ਹੈ। ਉਨ੍ਹਾਂ ਕਿਹਾ, ‘ਕੁੱਲ ਮਿਲਾ ਕੇ 217 ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਭਾਜਪਾ 81 ਬਲਾਕਾਂ ਵਿੱਚ ਜੇਤੂ ਰਹੀ ਹੈ।’ ਇਸ ਤੋਂ ਪਹਿਲਾਂ ਵੋਟਿੰਗ ਦੌਰਾਨ ਤਕਰੀਬਨ 100 ਫ਼ੀਸਦੀ ਰਿਕਾਰਡ ਮੱਤਦਾਨ ਹੋਇਆ ਹੈ। ਬਲਾਕ ਵਿਕਾਸ ਕੌਂਸਲ ਦੇ ਚੇਅਰਪਰਸਨ ਚੁਣਨ ਲਈ 310 ਬਲਾਕਾਂ ’ਚ ਵੋਟਾਂ ਪਈਆਂ ਸਨ ਅਤੇ 1092 ਉਮੀਦਵਾਰ ਮੈਦਾਨ ’ਚ ਹਨ। ਇਨ੍ਹਾਂ ’ਚੋਂ 27 ਨੂੰ ਬਿਨਾਂ ਕਿਸੇ ਵਿਰੋਧ ਦੇ ਚੁਣ ਲਿਆ ਗਿਆ। ਸ੍ਰੀਨਗਰ ਜ਼ਿਲ੍ਹੇ ’ਚ 100 ਫ਼ੀਸਦੀ ਵੋਟਾਂ ਪਈਆਂ ਜਦਕਿ ਰਿਆਸੀ ’ਚ 99.7 ਫ਼ੀਸਦੀ ਅਤੇ ਜੰਮੂ ’ਚ 99.5 ਫ਼ੀਸਦੀ ਲੋਕਾਂ ਨੇ ਆਪਣੇ ਹੱਕ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਸ਼ੋਪੀਆਂ ਅਤੇ ਪੁਲਵਾਮਾ ਜ਼ਿਲ੍ਹਿਆਂ ’ਚ ਕ੍ਰਮਵਾਰ 85.3 ਅਤੇ 86.2 ਫ਼ੀਸਦ ਵੋਟਿੰਗ ਹੋਈ। ਜੰਮੂ ਖ਼ਿੱਤੇ ਦੇ ਰਿਆਸੀ ’ਚ 99.7 ਵੋਟਾਂ ਪਈਆਂ ਜਦਕਿ ਲੱਦਾਖ ’ਚ 97.8 ਫ਼ੀਸਦ ਮੱਤਦਾਨ ਹੋਇਆ।ਅਧਿਕਾਰੀਆਂ ਨੇ ਕਿਹਾ ਕਿ ਕੌਂਸਲ ਦੇ ਚੇਅਰਪਰਸਨ ਚੁਣਨ ਲਈ ਕੁੱਲ ਵੋਟਰ 26629 ਸਨ ਜਿਨ੍ਹਾਂ ’ਚੋਂ 8313 ਮਹਿਲਾਵਾਂ ਅਤੇ 18316 ਮਰਦ ਹਨ।