ਜੰਮੂ ਕਸ਼ਮੀਰ ਮੁਲਕ ਦਾ ‘ਗਹਿਣਾ’: ਗੋਇਲ

ਜੰਮੂ ਕਸ਼ਮੀਰ ਮੁਲਕ ਦਾ ‘ਗਹਿਣਾ’: ਗੋਇਲ

ਜੰਮੂ ਕਸ਼ਮੀਰ ਨੂੰ ਮੁਲਕ ਦਾ ‘ਗਹਿਣਾ’ ਆਖਦਿਆਂ ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਕੇਂਦਰ ਛੇਤੀ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਸਨਅਤੀ ਪੈਕੇਜ ਲੈ ਕੇ ਆ ਰਿਹਾ ਹੈ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਨਾਲ ਵਾਦੀ ਵਿੱਚ ਨਿਵੇਸ਼ ਆਕਰਸ਼ਿਤ ਹੋਵੇਗਾ। ਰੇਲਵੇ ਅਤੇ ਵਣਜ ਮੰਤਰੀ ਨੇ ਐਲਾਨ ਕੀਤਾ ਕਿ ਅਗਲੇ ਵਰ੍ਹੇ ਦਸੰਬਰ ਤਕ ਕਸ਼ਮੀਰ ਨੂੰ ਪੂਰੇ ਮੁਲਕ ਨਾਲ ਰੇਲ ਰਾਹੀਂ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ 18 ਜੂਨ 2018, ਜਦੋਂ ਤੋਂ ਜੰਮੂ ਅਤੇ ਕਸ਼ਮੀਰ ਵਿੱਚ ਰਾਜਪਾਲ ਰਾਜ ਲਾਗੂ ਹੋਇਆ ਹੈ, ਉਥੇ ਵਿਕਾਸ ਕਾਰਜਾਂ ਨੇ ਤੇਜ਼ੀ ਫੜੀ ਹੈ।
ਦਿੱਲੀ ਰਵਾਨਾ ਹੋਣ ਤੋਂ ਪਹਿਲਾਂ ਜੰਮੂ ਹਵਾਈ ਅੱਡੇ ’ਤੇ ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ, ‘‘ ਇਥੇ ਜ਼ਮੀਨੀ ਪੱਧਰ ’ਤੇ ਵਿਕਾਸ ਦੇਖ ਕੇ ਮੈਂ ਬਹੁਤ ਖੁਸ਼ ਹਾਂ ਅਤੇ ਮੈਨੂੰ ਯਕੀਨ ਹੈ ਕਿ ਅੱਗੇ ਵੀ ਇਹ ਬਾਦਸਤੂਰ ਜਾਰੀ ਰਹੇਗਾ। ’’ ਸ੍ਰੀ ਗੋਇਲ ਜੰਮੂ ਵਿੱਚ ਇਕ ਹਫ਼ਤਾ ਚੱਲਣ ਵਾਲੇ ਜਨਤਾ ਤਕ ਪਹੁੰਚ ਪ੍ਰੋਗਰਾਮ ਵਿੱਚ ਹਿੱਸਾ ਲੈਣ ਉਥੇ ਪਹੁੰਚੇ ਸਨ। ਇਹ ਪ੍ਰੋਗਰਾਮ ਕੇਂਦਰ ਵੱਲੋਂ ਉਥੋਂ ਦੇ ਲੋਕਾਂ ਨੂੰ ਜੰਮੂ ਕਸ਼ਮੀਰ ਵਿਚੋਂ ਧਾਰਾ 370 ਮਨਸੂਖ ਕੀਤੇ ਜਾਣ ਦੇ ਫਾਇਦਿਆਂ ਬਾਰੇ ਦੱਸਣ ਲਈ ਕਰਾਇਆ ਗਿਆ ਹੈ। ਜਨਤਾ ਤਕ ਪਹੁੰਚ ਪ੍ਰੋਗਰਾਮ ਦੌਰਾਨ ਨੌਂ ਕੇਂਦਰੀ ਮੰਤਰੀ ਦੂਜੇ ਦਿਨ ਜੰਮੂ ਸੂਬੇ ਵਿੱਚ ਵੱਖ ਵੱਖ ਥਾਵਾਂ ’ਤੇ ਗਏ। ਸਮ੍ਰਿਤੀ ਇਰਾਨੀ ਕਟੜਾ, ਮਹਿੰਦਰਨਾਥ ਪਾਂਡੇ ਧਨਸ਼ਾਲ, ਅਰਜੁਨ ਰਾਮ ਮੇਘਵਾਲ ਤੇ ਜੀ ਮੁਰਲੀਧਰਨ ਕਠੂਆ ਜਦੋਂ ਕਿ ਅਨੁਰਾਗ ਠਾਕੁਰ ਅਤੇ ਪਿਯੂਸ਼ ਗੋਇਲ ਨੇ ਜਨਤਾ ਤੱਕ ਪਹੁੰਚ ਪ੍ਰੋਗਰਾਮ ਜੰਮੂ ਵਿੱਚ ਕੀਤਾ। ਇਨ੍ਹਾਂ ਤੋਂ ਇਲਾਵਾ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਊਧਮਪੁਰ ਤੇ ਆਰ ਕੇ ਡੋਡਾ ਅਤੇ ਅਸ਼ਵਿਨੀ ਚੌਬੇ ਸਾਂਬਾ ਗਏ। 

Radio Mirchi