ਝਾਰਖੰਡ ਚੋਣਾਂ: ਸਰਵੇਖਣਾਂ ’ਚ ਭਾਜਪਾ ਸੱਤਾ ਤੋਂ ਬਾਹਰ

ਝਾਰਖੰਡ ਚੋਣਾਂ: ਸਰਵੇਖਣਾਂ ’ਚ ਭਾਜਪਾ ਸੱਤਾ ਤੋਂ ਬਾਹਰ

ਝਾਰਖੰਡ ਵਿਧਾਨ ਸਭਾ ਚੋਣਾਂ ਲਈ ਅੱਜ ਪੰਜਵੇਂ ਤੇ ਆਖਰੀ ਗੇੜ ਦੀਆਂ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਣ ਮਗਰੋਂ ਆਈਏਐੱਨਐੱਸ-ਸੀ ਵੋਟਰ-ਏਬੀਪੀ ਵੱਲੋਂ ਜਾਰੀ ਚੋਣ ਸਰਵੇਖਣ ਅਨੁਸਾਰ ਸੂਬੇ ਵਿੱਚ ਸਰਕਾਰ ਬਣਨ ’ਚ ਜੇਵੀਐੱਮ ਦੇ ਬਾਬੂਲਾਲ ਮਰਾਂਡੀ ਅਤੇ ਏਜੇਐੱਸਯੂ ਦੇ ਸੁਦੇਸ਼ ਮਹਿਤੋ ਮੁੱਖ ਭੂਮਿਕਾ ਨਿਭਾਉਣਗੇ। ਇਹ ਚੋਣ ਸਰਵੇਖਣ ਸੂਬੇ ਦੇ 81 ਵਿਧਾਨ ਸਭਾ ਹਲਕਿਆਂ ਦੇ 38 ਹਜ਼ਾਰ ਵੋਟਰਾਂ ਨੂੰ ਆਧਾਰ ਬਣਾ ਕੇ ਜਾਰੀ ਕੀਤਾ ਗਿਆ ਹੈ। ਚੋਣ ਸਰਵੇਖਣ ਅਨੁਸਾਰ ਭਾਰਤੀ ਜਨਤਾ ਪਾਰਟੀ 28 ਤੋਂ 36 ਸੀਟਾਂ ਜਿੱਤ ਸਕਦੀ ਹੈ ਜੋ ਕਿ ਉਸ ਵੱਲੋਂ 2014 ’ਚ ਹਾਸਲ ਕੀਤੀਆਂ 37 ਸੀਟਾਂ ਦੇ ਮੁਕਾਬਲੇ ਘੱਟ ਹਨ।
ਵਿਰੋਧੀ ਧਿਰ ਝਾਰਖੰਡ ਮੁਕਤੀ ਮੋਰਚਾ-ਕਾਂਗਰਸ-ਰਾਸ਼ਟਰੀ ਜਨਤਾ ਦਲ ਦੇ ਗੱਠਜੋੜ ਵੱਲੋਂ 31 ਤੋਂ 39 ਸੀਟਾਂ ਜਿੱਤਣ ਦੀ ਆਸ ਹੈ। ਇਨ੍ਹਾਂ ਚੋਣ ਨਤੀਜਿਆਂ ’ਚ ਏਜੇਐੱਸਯੂ ਤੇ ਜੇਵੀਐੱਮ ਦੇ ਹੱਕ ’ਚ ਹਾਲਾਤ ਬਣਦੇ ਦਿਖਾਏ ਦੇ ਰਹੇ ਹਨ ਜੋ 10 ਸੀਟਾਂ ਜਿੱਤ ਸਕਦੇ ਹਨ। ਸੀ ਵੋਟਰ ਦੇ ਯਸ਼ਵੰਤ ਦੇਸ਼ਮੁਖ ਨੇ ਕਿਹਾ ਕਿ ਜੇਕਰ ਭਾਜਪਾ 30 ਸੀਟਾਂ ਜਿੱਤਦੀ ਹੈ ਤਾਂ ਉਸ ਲਈ ਸਰਕਾਰ ਬਣਾਉਣੀ ਮੁਸ਼ਕਲ ਹੋਵੇਗੀ ਕਿਉਂਕਿ ਉਹ ਪਾਰਟੀ ਦੇ ਸਾਬਕਾ ਆਗੂ ਅਤੇ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਤੇ ਵੱਖ ਹੋਏ ਭਾਈਵਾਲ ਸੁਦੇਸ਼ ਮਹਿਤੋ ਤੋਂ ਸਹਿਯੋਗ ਨਹੀਂ ਮੰਗ ਸਕਦੀ।
ਉਨ੍ਹਾਂ ਕਿਹਾ ਕਿ ਭਾਜਪਾ ਕੋਲ ਮੁੱਖ ਮੰਤਰੀ ਦੇ ਅਹੁਦੇ ਲਈ ਕੋਈ ਕਬਾਇਲੀ ਚਿਹਰਾ ਨਾ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ ਹੈ ਅਤੇ ਇਨ੍ਹਾਂ ਵਿਧਾਨ ਸਭਾ ਚੋਣਾਂ ’ਚ ਮੋਦੀ ਦਾ ਜਾਦੂ ਵੀ ਕੰਮ ਨਹੀਂ ਕੀਤਾ। ਚੋਣ ਅਧਿਕਾਰੀ ਨੇ ਦੱਸਿਆ ਕਿ ਝਾਰਖੰਡ ਵਿਧਾਨ ਸਭਾ ਲਈ ਅੱਜ ਪੰਜਵੇਂ ਤੇ ਆਖਰੀ ਗੇੜ ਲਈ ਕੁੱਲ 71.69 ਫੀਸਦ ਵੋਟਾਂ ਪਈਆਂ ਤੇ ਚੋਣ ਅਮਲ ਸ਼ਾਂਤੀ ਨਾਲ ਨੇਪਰੇ ਚੜ੍ਹ ਗਿਆ।

Radio Mirchi