ਝਾਰਖੰਡ: ਪੰਜ ਗੇੜਾਂ ਵਿੱਚ ਹੋਣਗੀਆਂ ਵਿਧਾਨ ਸਭਾ ਚੋਣਾਂ
ਨਵੀਂ ਦਿੱਲੀ-ਝਾਰਖੰਡ ਅਸੈਂਬਲੀ ਲਈ ਚੋਣਾਂ ਪੰਜ ਗੇੜਾਂ ਵਿੱਚ 30 ਨਵੰਬਰ ਤੋਂ 20 ਦਸੰਬਰ ਦਰਮਿਆਨ ਹੋਣਗੀਆਂ ਅਤੇ ਨਤੀਜੇ 23 ਦਸੰਬਰ ਨੂੰ ਐਲਾਨੇ ਜਾਣਗੇ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਚੋਣ ਪ੍ਰੋਗਰਾਮ ਦਾ ਐਲਾਨ ਕਰਦਿਆਂ ਕਿਹਾ ਕਿ 81 ਮੈਂਬਰੀ ਅਸੈਂਬਲੀ ਲਈ ਚੋਣਾਂ ਪੰਜ ਗੇੜਾਂ (30 ਨਵੰਬਰ, 7, 12, 16 ਤੇ 20 ਦਸੰਬਰ) ਵਿੱਚ ਹੋਣਗੀਆਂ। ਚੋਣਾਂ ਦੇ ਐਲਾਨ ਨਾਲ ਝਾਰਖੰਡ ਵਿੱਚ ਚੋਣ ਜ਼ਾਬਤਾ ਫੌਰੀ ਅਮਲ ਵਿੱਚ ਆ ਗਿਆ ਹੈ। ਨਕਸਲ ਪ੍ਰਭਾਵਿਤ ਝਾਰਖੰਡ ਵਿੱਚ ਸਾਲ 2014 ਵਿੱਚ ਵੀ ਪੰਜ ਗੇੜਾਂ ਤਹਿਤ ਹੀ ਅਸੈਂਬਲੀ ਚੋਣ ਸਿਰੇ ਚੜ੍ਹੀ ਸੀ।
ਕਬਾਇਲੀ ਬਹੁਗਿਣਤੀ ਵਾਲੇ ਝਾਰਖੰਡ ਵਿੱਚ ਮੁੱਖ ਮੁਕਾਬਲਾ ਮੁੱਖ ਮੰਤਰੀ ਰਘੂਬਰ ਦਾਸ ਦੀ ਅਗਵਾਈ ਵਾਲੀ ਸੱਤਾਧਾਰੀ ਭਾਜਪਾ ਅਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ (ਮੁੱਖ ਤੌਰ ’ਤੇ ਕਾਂਗਰਸ ਤੇ ਝਾਰਖੰਡ ਮੁਕਤੀ ਮੋਰਚਾ) ਵਿਚਾਲੇ ਹੈ। ਚੋਣ ਕਮਿਸ਼ਨ ਵੱਲੋਂ ਐਲਾਨੇ ਚੋਣ ਪ੍ਰੋਗਰਾਮ ਮੁਤਾਬਕ ਪਹਿਲੇ ਗੇੜ ਤਹਿਤ 13 ਅਸੈਂਬਲੀ ਸੀਟਾਂ, ਦੂਜੇ ਵਿੱਚ 20, ਤੀਜੇ ਵਿੱਚ 17, ਚੌਥੇ ਵਿੱਚ 15 ਅਤੇ ਆਖਰੀ ਤੇ ਪੰਜਵੇਂ ਗੇੜ ਤਹਿਤ 16 ਅਸੈਂਬਲੀ ਸੀਟਾਂ ਲਈ ਵੋਟਾਂ ਪੈਣਗੀਆਂ।