ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਨੂੰ ਬਹੁਮੱਤ

ਝਾਰਖੰਡ ਮੁਕਤੀ ਮੋਰਚਾ ਤੇ ਕਾਂਗਰਸ ਨੂੰ ਬਹੁਮੱਤ

ਝਾਰਖੰਡ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਅੱਜ ਐਲਾਨੇ ਗਏ ਚੋਣ ਨਤੀਜਿਆਂ-ਰੁਝਾਨਾਂ ’ਚ ਸਪੱਸ਼ਟ ਹੋ ਗਿਆ ਹੈ ਕਿ ਸੂਬੇ ’ਚ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ’ਚ ਬਣਿਆ ਜੇਐੱਮਐੱਮ-ਕਾਂਗਰਸ-ਆਰਜੇਡੀ ਗੱਠਜੋੜ 81 ਮੈਂਬਰੀ ਵਿਧਾਨ ਸਭਾ ’ਚ 47 ਸੀਟਾਂ ਜਿੱਤ ਕੇ ਸਰਕਾਰ ਕਾਇਮ ਕਰੇਗਾ। ਜਦਕਿ ਸੱਤਾਧਾਰੀ ਭਾਜਪਾ 25 ਸੀਟਾਂ ’ਤੇ ਸਿਮਟ ਗਈ ਹੈ। ਚੋਣਾਂ ਵਿਚ ਭਾਜਪਾ ਦੀ ਅਗਵਾਈ ਕਰ ਰਹੇ ਮੁੱਖ ਮੰਤਰੀ ਰਘੂਬਰ ਦਾਸ ਆਪਣੀ ਸੀਟ ਵੀ ਨਹੀਂ ਬਚਾ ਸਕੇ। ਭਾਜਪਾ ਦੇ ਹੀ ਬਾਗ਼ੀ ਸਰਯੂ ਰਾਏ ਨੇ ਜਮਸ਼ੇਦਪੁਰ (ਪੂਰਬੀ) ਸੀਟ ਤੋਂ ਉਨ੍ਹਾਂ ਨੂੰ ਮਾਤ ਦਿੱਤੀ ਹੈ। ਮਹਾਗੱਠਜੋੜ ਦੀ ਜਿੱਤ ਦੇ ਨਾਲ ਹੀ ਹੇਮੰਤ ਸੋਰੇਨ ਦਾ ਮੁੱਖ ਮੰਤਰੀ ਬਣਨਾ ਤੈਅ ਹੈ। ਝਾਰਖੰਡ ਮੁਕਤੀ ਮੋਰਚਾ 30 ਸੀਟਾਂ ਜਿੱਤ ਕੇ ਨਾ ਸਿਰਫ਼ ਸਰਕਾਰ ਦੇ ਗਠਨ ਵੱਲ ਵੱਧ ਰਿਹਾ ਹੈ ਬਲਕਿ ਵਿਧਾਨ ਸਭਾ ਵਿਚ ਸਭ ਤੋਂ ਵੱਡੇ ਦਲ ਦੇ ਰੂਪ ’ਚ ਵੀ ਉੱਭਰਿਆ ਹੈ। ਜੇਐੱਮਐੱਮ ਦੇ ਨਾਲ ਮਹਾਗੱਠਜੋੜ ਵਿਚ ਸ਼ਾਮਲ ਕਾਂਗਰਸ ਨੇ 16 ਅਤੇ ਆਰਜੇਡੀ ਨੇ ਇਕ ਸੀਟ ਜਿੱਤੀ ਹੈ। ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਆਪਣੀ ਤੇ ਗੱਠਜੋੜ ਦੀ
ਜਿੱਤ ਨੂੰ ਸੂਬੇ ਦੇ ਇਤਿਹਾਸ ’ਚ ਨਵਾਂ ਮੋੜ ਕਰਾਰ ਦਿੰਦਿਆਂ ਇਸ ਨੂੰ ਮੀਲ ਪੱਥਰ ਦੱਸਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਉਮੀਦਾਂ ਉਹ ਟੁੱਟਣ ਨਹੀਂ ਦੇਣਗੇ। ਉਨ੍ਹਾਂ ਕਿਹਾ ਕਿ ਮਹਾਗੱਠਜੋੜ ਰਾਜ ਦੇ ਸਾਰੇ ਵਰਗਾਂ, ਫ਼ਿਰਕਿਆਂ ਤੇ ਖਿੱਤਿਆਂ ਦੀਆਂ ਇੱਛਾਵਾਂ ਦਾ ਖ਼ਿਆਲ ਰੱਖੇਗਾ। ਹੇਮੰਤ ਨੇ ਆਪਣੇ ਪਿਤਾ ਸ਼ਿਬੂ ਸੋਰੇਨ, ਕਾਂਗਰਸ ਆਗੂ ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਅੱਜ ਦੇ ਨਤੀਜੇ ਸਾਰਿਆਂ ਦੀ ਮਿਹਨਤ ਦਾ ਸਿੱਟਾ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ 37 ਸੀਟਾਂ ਜਿੱਤੀਆਂ ਸਨ। ਭਾਜਪਾ ਦੀ ਸਹਿਯੋਗੀ ਧਿਰ ਆਲ ਝਾਰਖੰਡ ਸਟੂਡੈਂਟਸ ਯੂਨੀਅਨ (ਏਜੇਐੱਸਯੂ) ਸਿਰਫ਼ ਅੱਠ ਸੀਟਾਂ ’ਤੇ ਚੋਣ ਲੜ ਕੇ ਪੰਜ ਜਿੱਤੀ ਸੀ, ਜਦਕਿ ਇਸ ਵਾਰ ਉਸ ਨੇ 53 ਸੀਟਾਂ ’ਤੇ ਚੋਣ ਲੜੀ ਤੇ ਮਹਿਜ਼ ਦੋ ’ਤੇ ਜਿੱਤ ਮਿਲੀ।
ਇਸੇ ਦੌਰਾਨ ਭਾਜਪਾ ਨੇ ਝਾਰਖੰਡ ’ਚ ਹਾਰ ਦਾ ਕਾਰਨ ‘ਸਥਾਨਕ ਮੁੱਦਿਆਂ’ ਨੂੰ ਦੱਸਿਆ ਹੈ। ਪਾਰਟੀ ਦੇ ਬੁਲਾਰੇ ਜੀਵੀਐੱਲ ਨਰਸਿਮ੍ਹਾ ਰਾਓ ਨੇ ਕਿਹਾ ਕਿ ਪਾਰਟੀ ਕਾਰਨਾਂ ਦੀ ਸਮੀਖ਼ਿਆ ਕਰੇਗੀ। ਉਨ੍ਹਾਂ ਨਾਲ ਹੀ ਕਿਹਾ ਕਿ ‘ਅੰਦਰੂਨੀ ਤਕਰਾਰ’ ਵੀ ਹਾਰ ਦਾ ਕਾਰਨ ਬਣਿਆ ਹੈ। ਭਾਜਪਾ ਦੇ ਬੁਲਾਰੇ ਨੇ ਕਿਹਾ ਕਿ ਪਾਰਟੀ ਕੋਲ ਗੱਠਜੋੜ ਸਹਿਯੋਗੀਆਂ ਦੀ ਘਾਟ ਤੇ ਵਿਰੋਧੀਆਂ ਦੇ ਮਹਾਗੱਠਜੋੜ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਸਥਾਨਕ ਲੀਡਰਸ਼ਿਪ ਸਿਰ ਵੀ ਹਾਰ ਦਾ ਭਾਂਡਾ ਭੰਨ੍ਹਿਆ। ਰਾਓ ਨੇ ਕਿਹਾ ਕਿ ਦੇਖਣ ਵਿਚ ਆ ਰਿਹਾ ਹੈ ਕਿ ਸੂਬਿਆਂ ’ਚ ਸਰਕਾਰਾਂ ਸਥਾਨਕ ਕਾਰਗੁਜ਼ਾਰੀ ਦੇ ਹਿਸਾਬ ਨਾਲ ਬਣ ਰਹੀਆਂ ਹਨ।

Radio Mirchi