ਟਕਰਾਅ ਨਹੀਂ, ਸਹਿਮਤੀ ਦੀ ਲੋੜ: ਬਾਦਲ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਖਿਆ ਕਿ ਸੰਵੇਦਨਸ਼ੀਲ ਮੁੱਦਿਆਂ ’ਤੇ ਟਕਰਾਅ ਦੀ ਨੀਤੀ ਛੱਡ ਕੇ ਆਮ ਸਹਿਮਤੀ ਤੇ ਉਸਾਰੂ ਸਮਝੌਤੇ ਦੀ ਨੀਤੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦਾ ਅਕਸ ਨਹੀਂ ਵਿਗੜਨਾ ਚਾਹੀਦਾ। ਸ੍ਰੀ ਬਾਦਲ ਨੇ ਕਿਹਾ ਕਿ ਸਾਰੇ ਸੂਬੇ ’ਚ ਕੱਲ੍ਹ ਇਸ ਗੱਲ ਦਾ ਉਤਸ਼ਾਹ ਸੀ ਕਿ ਕਿਸਾਨੀ ਦੇ ਹੱਕ ਵਿੱਚ ਅਕਾਲੀ ਲਹਿਰ ਅਸਲ ਵਿੱਚ ਪੰਥਕ ਲਹਿਰ ਬਣ ਗਈ ਹੈ। ਉਨ੍ਹਾਂ ਕਿਹਾ ਕਿ ਜੋ ਲੋਕਤੰਤਰੀ ਪੰਥਕ ਰਵਾਇਤਾਂ ਦੀ ਗੱਲ ਕਰਦੇ ਹਨ, ਉਨ੍ਹਾਂ ਲਈ ਇਹ ਵੇਖਣ ਵਾਲਾ ਵੱਡਾ ਮੌਕਾ ਸੀ। ਸ੍ਰੀ ਬਾਦਲ ਕਿਹਾ ਕਿ ਟਕਰਾਅ ਜਦੋਂ ਹਿੰਸਕ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖ਼ਤਰਨਾਕ ਹੋ ਸਕਦਾ ਹੈ ਜਿਸ ਨਾਲ ਦੇਸ਼ ਦਾ ਮਾਣ ਸਨਮਾਨ ਵੀ ਗੁਆਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਨ-ਸੁਵੰਨਤਾ ਦੀ ਹਰ ਹਾਲਤ ਵਿੱਚ ਨਾ ਸਿਰਫ ਰਾਖੀ ਕੀਤੀ ਚਾਹੀਦੀ ਹੈ ਸਗੋਂ ਹਰ ਵਿਅਕਤੀ ਜੋ ਦੇਸ਼ ਦੀ ਕਿਸਮਤ ਬਦਲਣ ’ਚ ਲੱਗਿਆ ਹੋਇਆ ਹੈ, ਉਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਸਲ ਸਹਿਕਾਰੀ ਸੰਘਵਾਦ ਦੇ ਸਨਮਾਨ ਦੀ ਜ਼ਰੂਰਤ ਇਕ ਪਾਸੇ ਹੈ ਜਦਕਿ ਲੋਕਤੰਤਰੀ ਬਗਾਵਤ ਦੂਸਰੇ ਪਾਸੇ ਹੈ। ਸਾਬਕਾ ਮੁੱਖ ਮੰਤਰੀ ਨੇ ਲੰਘੀ ਰਾਤ ਚੰਡੀਗੜ੍ਹ ਪੁਲੀਸ ਵੱਲੋਂ ਅਕਾਲੀ ਵਰਕਰਾਂ ਖਾਸ ਤੌਰ ’ਤੇ ਸ਼ਾਂਤੀਪੂਰਨ ਰੋਸ ਵਿਖਾਵਾ ਕਰ ਰਹੇ ਕਿਸਾਨਾਂ ਖ਼ਿਲਾਫ਼ ਧੱਕੇਸ਼ਾਹੀ ਕਰਨ ਨੂੰ ਬਹੁਤ ਹੀ ਹੈਰਾਨੀਜਨਕ ਤੇ ਬੇਲੋੜੀ ਕਾਰਵਾਈ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸ਼ਾਂਤੀਪੂਰਨ ਤੇ ਲੋਕਤੰਤਰੀ ਤਰੀਕੇ ਨਾਲ ਆਪਣੀ ਗੱਲ ਸੁਣਾਉਣਾ ਹਰ ਕਿਸੇ ਦਾ ਬੁਨਿਆਦੀ ਹੱਕ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਰਾਜਪਾਲ ਦੇ ਅਹੁਦੇ ’ਤੇ ਹੁੰਦੇ ਤਾਂ ਨੰਗੇ ਪੈਰ ਚੱਲ ਕੇ ਸ਼ਾਂਤੀਪੂਰਨ ਮੁਜ਼ਾਹਰਾ ਕਰਨ ਵਾਲਿਆਂ ਨੂੰ ਜਾ ਕੇ ਮਿਲਦੇ।