ਟਕਸਾਲੀ ਦਲ ਦੇ ਬਾਨੀਆਂ ਦੀ ਅਸਹਿਮਤੀ ਨੇ ਪਾਏ ਵਖਰੇਵੇਂ
ਨਵੇਂ ਸ਼੍ਰੋਮਣੀ ਅਕਾਲੀ ਦਲ ਦੇ ਹੋਂਦ ਵਿਚ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੂੰ ਲੱਗੀ ਢਾਹ ਦੌਰਾਨ ਕੁਝ ਮੁੱਦਿਆਂ ’ਤੇ ਇਨ੍ਹਾਂ ਅਕਾਲੀ ਆਗੂਆਂ ਦੀ ਆਪਸੀ ਸਹਿਮਤੀ ਨਾ ਬਣਨ ਦਾ ਮਾਮਲਾ ਵੀ ਜੱਗ ਜ਼ਾਹਰ ਹੋਇਆ ਹੈ।
ਨਵੇਂ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਦੇ ਪ੍ਰਧਾਨ ਬਣਨ ਮਗਰੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪਰਾ ਨੇ ਦੋਸ਼ ਲਾਇਆ ਸੀ ਕਿ ਉਨ੍ਹਾਂ ਦੇ ਕੁਝ ਸਾਥੀ ਧੋਖਾ ਦੇ ਕੇ ਛੱਡ ਗਏ ਹਨ। ਦੱਸਣਯੋਗ ਹੈ ਕਿ ਸੇਵਾ ਸਿੰਘ ਸੇਖਵਾਂ ਨੇ ਸ੍ਰੀ ਬ੍ਰਹਮਪੁਰਾ ਨੂੰ ਛੱਡ ਕੇ ਸ੍ਰੀ ਢੀਂਡਸਾ ਦਾ ਹੱਥ ਫੜ ਲਿਆ ਸੀ। ਉਨ੍ਹਾਂ ਨਾਲ ਹੋਰ ਵੀ ਕਈ ਆਗੂ ਨਵੇਂ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਸਨ।
ਅੱਜ ਇਥੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਏ ਸ੍ਰੀ ਢੀਂਡਸਾ ਨਾਲ ਆਏ ਸੇਵਾ ਸਿੰਘ ਸੇਖਵਾਂ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਕਿ ਸ੍ਰੀ ਬ੍ਰਹਮਪੁਰਾ ਦੀ ਜ਼ਿੱਦ ਕਾਰਨ ਹੀ ਅਜਿਹਾ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਅਤੇ ਕੁਝ ਹੋਰ ਆਗੂ ਸ੍ਰੀ ਬ੍ਰਹਮਪੁਰਾ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਸਮੁੱਚੀ ਸਥਿਤੀ ਬਾਰੇ ਵੀ ਦੱਸਿਆ ਸੀ ਪਰ ਉਹ ਆਪਣੀ ਪਾਰਟੀ ਨੂੰ ਛੱਡਣ ਦੇ ਹੱਕ ਵਿਚ ਨਹੀਂ ਸਨ। ਉਨ੍ਹਾਂ ਆਖਿਆ ਕਿ ਜਿਸ ਮੰਤਵ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਤੋਂ ਪਾਰਟੀ ਦਾ ਗਠਨ ਕੀਤਾ ਸੀ, ਉਹ ਅੱਜ ਵੀ ਉਸੇ ਮੰਤਵ ਨੂੰ ਲੈ ਕੇ ਖੜ੍ਹੇ ਹਨ ਅਤੇ ਨਵਾਂ ਅਕਾਲੀ ਦਲ ਵੀ ਉਸੇ ਮੰਤਵ ਨੂੰ ਪੂਰਾ ਕਰਨ ਲਈ ਬਣਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੇ ਲੋਕਾਂ ਨੇ ਸ੍ਰੀ ਬ੍ਰਹਮਪੁਰਾ ਦੀ ਅਗਵਾਈ ਨੂੰ ਕਬੂਲ ਨਹੀਂ ਕੀਤਾ ਹੈ। ਉਂਜ ਵੀ ਉਹ ਸਿਹਤ ਪੱਖੋਂ ਢਿੱਲੇ ਹਨ ਤੇ ਉਹ ਵਧੇਰੇ ਸਫਰ ਨਹੀਂ ਕਰ ਸਕਦੇ। ਇਸ ਲਈ ਉਨ੍ਹਾਂ ਨੂੰ ਨਵੀਂ ਪਾਰਟੀ ਦੀ ਸਰਪ੍ਰਸਤੀ ਕਰਨ ਵਾਸਤੇ ਆਖਿਆ ਸੀ। ਉਹ ਮੁੜ ਇਸ ਬਾਰੇ ਸ੍ਰੀ ਬ੍ਰਹਮਪੁਰਾ ਨੂੰ ਕਹਿਣਗੇ। ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬੇਟੇ ਅਮਰਪਾਲ ਸਿੰਘ ਬੋਨੀ ਦੇ ਵਾਪਸ ਸ਼੍ਰੋਮਣੀ ਅਕਾਲੀ ਦਲ ਵਿਚ ਜਾਣ ਮਗਰੋਂ ਸ੍ਰੀ ਅਜਨਾਲਾ ਨਿਰਾਸ਼ ਹਨ। ਉਹ ਇਸ ਵੇਲੇ ਨਿਰਾਸ਼ਾ ਦੀ ਸਥਿਤੀ ਵਿਚ ਹੀ ਘਰ ਬੈਠ ਗਏ ਹਨ।